Punjab Corona: ਪੰਜਾਬ 'ਚ ਜਿੱਥੇ ਕੋਰੋਨਾ ਇੱਕ ਵਾਰ ਫਿਰ ਡਰਾਉਣ ਲੱਗਿਆ ਸੀ, ਉੱਥੇ ਹੀ ਕੁਝ ਦਿਨਾਂ ਦੇ ਅੰਕੜਿਆਂ ਨੇ ਇਸ ਰਫਤਾਰ ਨੂੰ ਥੋੜ੍ਹੀ ਠੱਲ੍ਹ ਪਾਈ ਹੈ। ਦੱਸ ਦਈਏ ਪੰਜਾਬ 'ਚ ਪਿਛਲੇ 3 ਦਿਨਾਂ 'ਚ 111 ਕੋਰੋਨਾ ਮਰੀਜ਼ ਘਟੇ ਹਨ। ਨਵੇਂ ਕੇਸ ਆਉਣ ਦੀ ਦਰ ਵੀ ਤੇਜ਼ੀ ਨਾਲ ਘਟ ਰਹੀ ਹੈ। ਪੰਜਾਬ 'ਚ ਕੋਰੋਨਾ ਦੀ ਚੌਥੀ ਲਹਿਰ ਦਮ ਤੋੜਦੀ ਨਜ਼ਰ ਆ ਰਹੀ ਹੈ। ਵੀਰਵਾਰ ਨੂੰ ਸੂਬੇ 'ਚ 12 ਹਜ਼ਾਰ ਸੈਂਪਲ ਲਏ ਗਏ। ਇਸ ਦੇ ਨਾਲ ਹੀ 11 ਹਜ਼ਾਰ 891 ਦੀ ਜਾਂਚ ਕੀਤੀ ਗਈ ਜਿਨ੍ਹਾਂ ਵਿੱਚੋਂ ਸਿਰਫ਼ 19 ਕੇਸ ਪਾਜ਼ੇਟਿਵ  ਪਾਏ ਗਏ ਹਨ।



ਜ਼ਿਕਰਯੋਗ ਹੈ ਕਿ 9 ਮਈ ਨੂੰ ਪੰਜਾਬ ਵਿੱਚ 29 ਨਵੇਂ ਮਾਮਲੇ ਸਾਹਮਣੇ ਆਏ ਸਨ ਜਿਸ ਤੋਂ ਬਾਅਦ ਐਕਟਿਵ ਕੇਸਾਂ ਦੀ ਗਿਣਤੀ 274 ਹੋ ਗਈ ਹੈ। ਇਸ ਸਮੇਂ ਦੌਰਾਨ ਇਨਫੈਕਸ਼ਨ ਦੀ ਦਰ 0.34% ਰਹੀ। 10 ਮਈ ਨੂੰ 28 ਕੇਸ ਪਾਏ ਗਏ ਪਰ ਐਕਟਿਵ ਕੇਸ ਘੱਟ ਕੇ 228 ਰਹਿ ਗਏ। 11 ਮਈ ਨੂੰ 22 ਕੇਸ ਪਾਏ ਗਏ ਤੇ ਐਕਟਿਵ ਕੇਸ ਵਧ ਕੇ 164 ਹੋ ਗਏ। 12 ਮਈ ਯਾਨੀ ਵੀਰਵਾਰ ਨੂੰ 19 ਮਾਮਲੇ ਸਾਹਮਣੇ ਆਏ ਤੇ ਐਕਟਿਵ ਕੇਸ ਘੱਟ ਕੇ 163 ਰਹਿ ਗਏ।

ਦੱਸ ਦਈਏ ਕਿ ਇਸ ਸਮੇਂ ਪੰਜਾਬ ਦੇ ਮੋਹਾਲੀ ਵਿੱਚ ਸਭ ਤੋਂ ਵੱਧ 66 ਐਕਟਿਵ ਕੇਸ ਹਨ। ਇਸ ਤੋਂ ਬਾਅਦ ਲੁਧਿਆਣਾ ਵਿੱਚ 21, ਪਟਿਆਲਾ ਤੇ ਅੰਮ੍ਰਿਤਸਰ ਵਿੱਚ 17, ਜਲੰਧਰ ਵਿੱਚ 12 ਮਾਮਲੇ ਹਨ। ਬਾਕੀ ਜ਼ਿਲ੍ਹਿਆਂ ਵਿੱਚ ਐਕਟਿਵ ਕੇਸਾਂ ਦੀ ਗਿਣਤੀ 10 ਤੋਂ ਘੱਟ ਹੈ।

ਕਈ ਜ਼ਿਲ੍ਹਿਆਂ ਵਿੱਚ ਕੋਈ ਐਕਟਿਵ ਕੇਸ ਨਹੀਂ ਹਨ। ਪੰਜਾਬ ਵਿੱਚ ਨਵੇਂ ਮਰੀਜ਼ਾਂ ਦੇ ਮੁਕਾਬਲੇ ਹੁਣ ਮਰੀਜ਼ਾਂ ਦੇ ਠੀਕ ਹੋਣ ਦੀ ਰਫ਼ਤਾਰ ਤੇਜ਼ ਹੋ ਗਈ ਹੈ। ਇਨ੍ਹਾਂ ਵਿੱਚੋਂ 831 ਮਰੀਜ਼ ਠੀਕ ਹੋ ਚੁੱਕੇ ਹਨ। ਇਸ ਦੌਰਾਨ ਮੋਗਾ, ਕਪੂਰਥਲਾ, ਗੁਰਦਾਸਪੁਰ ਤੇ ਲੁਧਿਆਣਾ ਵਿੱਚ ਵੀ 4 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ।