ਚੰਡੀਗੜ੍ਹ: ਮਹਾਰਾਸ਼ਟਰ ਦੇ ਨੰਦੇੜ ਤੋਂ ਵਾਪਸ ਪਰਤ ਰਹੇ ਸਿੱਖ ਸ਼ਰਧਾਲੂਆਂ ਦੇ ਕੋਰੋਨਾਵਾਇਰਸ ਨਾਲ ਸੰਕਰਮਿਤ ਪਾਏ ਜਾਣ ਤੇ ਪੰਜਾਬ ਵਿੱਚ ਰਾਜਨੀਤੀ ਗਰਮਾਈ ਹੋਈ ਹੈ। ਇਸ ਦੌਰਾਨ ਕਾਂਗਰਸੀ ਨੇਤਾ ਦਿਗਵਿਜੇ ਸਿੰਘ ਦੇ ਇੱਕ ਟਵੀਟ ਨੇ ਅੱਗ ਵਿੱਚ ਘਿਓ ਪਾਉਣ ਵਾਲਾ ਕੰਮ ਕੀਤਾ ਹੈ। ਇਸ 'ਤੇ ਅਕਾਲੀ ਦਲ ਤੇ ਸ਼੍ਰੋਮਣੀ ਕਮੇਟੀ ਨੇ ਤਿੱਖੀ ਪ੍ਰਤੀਕ੍ਰਿਆ ਦਿਖਾਉਂਦੇ ਹੋਏ, ਨਾ ਸਿਰਫ ਦਿਗਵਿਜੇ, ਬਲਕਿ ਪੂਰੀ ਕਾਂਗਰਸ ਪਾਰਟੀ ਨੂੰ ਕਟਹਿਰੇ' ਵਿੱਚ ਖੜ੍ਹਾ ਕਰ ਦਿੱਤਾ ਹੈ।




ਦਿਗਵਿਜੇ ਨੇ ਆਪਣੇ ਟਵੀਟ ਰਾਹੀਂ ਪੰਜਾਬ ਵਿੱਚ ਸ਼ਰਧਾਲੂਆਂ ਨਾਲ ਕੋਰੋਨਾ ਫੈਲਣ ਤੇ ਸਵਾਲ ਚੁੱਕੇ ਸਨ। ਉਨ੍ਹਾਂ ਨੇ ਕਿਹਾ, ਕੀ ਇਸ ਦੀ ਤਬਲਾਗੀ ਮਾਰਕਾਜ਼ ਨਾਲ ਕੋਈ ਤੁਲਨਾ ਹੈ? ਇਸ ‘ਤੇ ਨਾਰਾਜ਼ਗੀ ਜ਼ਾਹਰ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਕਿਹਾ ਕਿ ਦਿਗਵਿਜੇ ਨੇ ਇੱਕ ਵਾਰ ਫਿਰ ਆਪਣੇ ਟਵੀਟ ਨਾਲ ਸਿੱਖਾਂ ਦੀ ਸਾਖ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਹੈ।



ਉਨ੍ਹਾਂ ਕਿਹਾ ਕਿ ਇਹ ਕਾਂਗਰਸ ਪਾਰਟੀ ਦੀ ਪੁਰਾਣੀ ਮਾਨਸਿਕਤਾ ਹੈ ਜੋ ਸਿੱਖਾਂ ਨੂੰ ਹਰ ਸਮੱਸਿਆ ਲਈ ਜ਼ਿੰਮੇਵਾਰ ਠਹਿਰਾਉਣ ਦੀ ਕੋਸ਼ਿਸ਼ ਕਰਦੀ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਨੇ ਪਹਿਲਾਂ ਵੀ ਅੱਤਵਾਦ ਨੂੰ ਸਿੱਖਾਂ ਨਾਲ ਜੋੜ ਕੇ ਅੰਤਰਰਾਸ਼ਟਰੀ ਪੱਧਰ ‘ਤੇ ਸਿੱਖਾਂ ਦੇ ਅਕਸ ਨੂੰ ਢਾਹ ਲਾਈ ਸੀ। ਹੁਣ ਕਾਂਗਰਸ ਦੇ ਨੇਤਾ ਕੋਰੋਨਾਵਾਇਰਸ ਦੇ ਫੈਲਣ ਨੂੰ ਜੋੜ ਕੇ ਦੁਬਾਰਾ ਉਹੀ ਯਤਨ ਕਰ ਰਹੇ ਹਨ।




ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐਸਜੀਪੀਸੀ) ਦੇ ਮੁੱਖ ਸਕੱਤਰ ਡਾ. ਰੂਪ ਸਿੰਘ ਨੇ ਕਿਹਾ ਕਿ ਕਾਂਗਰਸ ਨੇਤਾ ਦਿਗਵਿਜੇ ਸਿੰਘ ਦੇ ਇਸ ਬਿਆਨ ਤੋਂ ਨਫ਼ਰਤ ਝਲਕਦੀ ਹੈ। ਭਾਰਤ ਦਾ ਹਰ ਨਾਗਰਿਕ ਬਰਾਬਰ ਹੈ। ਸਿੱਖਾਂ ਨੂੰ ਨਿਸ਼ਾਨਾ ਬਣਾਉਣਾ ਕਿਸੇ ਵੀ ਤਰਾਂ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਕਾਂਗਰਸੀ ਨੇਤਾਵਾਂ ਨੂੰ ਰਾਜਨੀਤੀ ਨਹੀਂ ਕਰਨੀ ਚਾਹੀਦੀ, ਬਲਕਿ ਕੋਰੋਨਾ ਤੋਂ ਪ੍ਰਭਾਵਿਤ ਲੋਕਾਂ ਨੂੰ ਮਾਨਸਿਕ ਸਮੱਸਿਆ ਤੋਂ ਬਾਹਰ ਕੱਢਣ ਲਈ ਇਕਜੁੱਟ ਹੋ ਕੇ ਕੰਮ ਕਰਨਾ ਚਾਹੀਦਾ ਹੈ।