ਰੌਬਟ ਦੀ ਰਿਪੋਰਟ

ਚੰਡੀਗੜ੍ਹ: ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀਰਵਾਰ ਨੂੰ ਸੂਬੇ ਵਿੱਚ ਉਚ ਮੌਤ ਦਰ ਦੀ ਜਾਂਚ ਨੂੰ ਸਮਝਣ ਲਈ ਕੋਵਿਡ-19 ਨਾਲ ਹੋਣ ਵਾਲੀ ਹਰੇਕ ਮੌਤ ਦੀ ਪੜਤਾਲ ਕਰਵਾਉਣ ਦੇ ਹੁਕਮ ਦਿੱਤੇ ਹਨ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਮਾਹਿਰ ਟੀਮ ਦੀ ਅਗਵਾਈ ਹੇਠ ਮਹਾਮਾਰੀ ਨੂੰ ਰੋਕਣ ਲਈ ਰੋਕਥਾਮ ਉਪਾਵਾਂ ਨੂੰ ਮਜ਼ਬੂਤ ਕਰ ਰਹੀ ਹੈ। ਕੈਪਟਨ ਨੇ ਕਿਹਾ ਕਿ ਸੂਬੇ ਵਿੱਚ ਉੱਚ ਮੌਤ ਦਰ ਦਾ ਕਾਰਨ ਪੀੜਤਾਂ ਨੂੰ ਕੋਰੋਨਾ ਦੇ ਨਾਲ ਹੋਰ ਬਿਮਾਰੀਆਂ ਦਾ ਹੋਣਾ ਤੇ ਲੋਕਾਂ ਦਾ ਸਿਹਤ ਸਬੰਧੀ ਵਿਵਹਾਰ ਹੈ ਜਿੱਥੇ ਮਰੀਜ਼ ਹਸਪਤਾਲ ਵਿੱਚ ਦੇਰੀ ਨਾਲ ਆਉਂਦੇ ਹਨ।

ਮੁੱਖ ਮੰਤਰੀ ਨੇ ਇਹ ਜਾਣਕਾਰੀ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੂੰ ਵੀਡਿਓ ਕਾਨਫਰੰਸਿੰਗ ਦੌਰਾਨ ਦਿੱਤੀ। ਇਸ ਵਿੱਚ ਉਨ੍ਹਾਂ ਪਾਰਟੀ ਲੀਡਰਸ਼ਿਪ ਨੂੰ ਦੱਸਿਆ ਕਿ ਸੂਬਾ ਸਰਕਾਰ ਕੋਵਿਡ-19 (COVID) ਸੰਕਟ ਨਾਲ ਨਜਿੱਠਣ ਲਈ ਮਾਹਿਰਾਂ ਦੇ ਗਰੁੱਪ ਦੀ ਅਗਵਾਈ ਨਾਲ ਕੰਮ ਕਰ ਰਹੀ ਹੈ। ਮਾਹਿਰਾਂ ਦੇ ਇਸ ਗਰੁੱਪ ਵਿੱਚ ਪੀਜੀਆਈ ਦੇ ਸਾਬਕਾ ਡਾਇਰੈਕਟਰ ਡਾ. ਕੇਕੇ ਤਲਵਾੜ, ਬਾਬਾ ਫਰੀਦ ਮੈਡੀਕਲ ਯੂਨੀਵਰਸਿਟੀ ਆਫ ਹੈਲਥ ਸਾਇੰਸਜ਼ ਫਰੀਦਕੋਟ ਦੇ ਉਪ ਕੁਲਪਤੀ ਡਾ. ਰਾਜ ਬਹਾਦਰ, ਪੀਜੀਆਈ ਦੇ ਜਨ ਸਿਹਤ ਸਕੂਲ ਦੇ ਸਾਬਕਾ ਮੁਖੀ ਡਾ. ਰਾਜੇਸ਼ ਕੁਮਾਰ ਦੇ ਨਾਲ ਪੀਜੀਆਈ ਤੇ ਜੌਨ ਹੌਪਕਿੰਜ਼ ਯੂਨੀਵਰਸਿਟੀ ਦੇ ਮਾਹਿਰ ਸ਼ਾਮਲ ਹਨ।

ਮੁੱਖ ਮੰਤਰੀ ਨੇ ਕਿਹਾ ਕਿ 6.2 ਫੀਸਦੀ ਦੀ ਉਚ ਮੌਤ ਦਰ ਦੇ ਬਾਵਜੂਦ ਪੰਜਾਬ ਵਿੱਚ ਕੋਵਿਡ-19 ਦੇ ਵਾਧੇ ਦੀ ਦਰ ਭਾਰਤ ਮੁਕਾਬਲੇ ਘੱਟ ਹੈ ਕਿਉਂਕਿ ਪੰਜਾਬ ਵਿੱਚ 16 ਦਿਨਾਂ ਬਾਅਦ ਕੇਸਾਂ ਦੀ ਗਿਣਤੀ ਦੁੱਗਣੀ ਹੋਈ ਹੈ। ਜਦੋਂਕਿ ਕੌਮੀ ਔਸਤ ਅਨੁਸਾਰ 9 ਦਿਨਾਂ ਵਿੱਚ ਕੇਸਾਂ ਦੀ ਗਿਣਤੀ ਦੁੱਗਣੀ ਹੋ ਰਹੀ ਹੈ।

ਉਨ੍ਹਾਂ ਸੂਬੇ ਵਿੱਚ ਕੋਵਿਡ-19 ਦੀ ਪ੍ਰਭਾਵਸ਼ਾਲੀ ਰੋਕਥਾਮ ਦਾ ਖੁਲਾਸਾ ਕਰਦਿਆਂ ਦੱਸਿਆ ਕਿ 31 ਮਾਰਚ ਤੱਕ ਭਾਰਤ ਦੇ ਕੁੱਲ ਕੇਸਾਂ ਵਿੱਚੋਂ ਪੰਜਾਬ ਦਾ ਹਿੱਸਾ 2.57 ਫੀਸਦੀ ਸੀ ਜੋ ਕਿ ਤਿੰਨ ਹਫਤਿਆਂ ਬਾਅਦ ਹੁਣ ਘੱਟ ਕੇ 22 ਅਪ੍ਰੈਲ ਤੱਕ 1.22 ਫੀਸਦੀ ਰਹਿ ਗਿਆ ਹੈ। ਇਸ ਤਰ੍ਹਾਂ ਕੋਵਿਡ-19 ਦੀ ਸਥਿਤੀ ਪੰਜਾਬ ਵਿੱਚ ਬਾਕੀ ਦੇਸ਼ ਨਾਲੋਂ ਬਿਹਤਰ ਹੈ।ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਦੀ ਤੁਲਨਾ ਕੇਰਲਾ ਤੇ ਗੁਜਰਾਤ ਨਾਲ ਕੀਤੀ ਜਾਣੀ ਚਾਹੀਦੀ ਹੈ ਕਿਉਂ ਜੋ ਉਹ ਵੀ ਵਧੇਰੇ ਐਨਆਰਆਈ ਆਬਾਦੀ ਵਾਲੇ ਸੂਬੇ ਹਨ।

ਪੰਜਾਬ ਵਿੱਚ ਇਸ ਵੇਲੇ 286 ਪੌਜ਼ੇਟਿਵ ਕੇਸ ਹਨ ਅਤੇ 17 ਮੌਤਾਂ ਹੋਈਆਂ ਹਨ। ਦੋ ਮਰੀਜ਼ਾਂ ਦੀ ਹਾਲਤ ਨਾਜ਼ੁਕ ਹੈ ਜਿਨ੍ਹਾਂ ਵਿੱਚੋਂ ਇੱਕ ਵੈਂਟੀਲੇਟਰ 'ਤੇ ਤੇ ਦੂਜਾ ਐਚਡੀਯੂ 'ਤੇ ਹੈ। ਚੰਗੀ ਗੱਲ ਇਹ ਹੈ ਕਿ 53 ਮਰੀਜ਼ ਇਸ ਰੋਗ ਤੋਂ ਮੁਕਤ ਹੋਏ ਹਨ।