ਰੌਬਟ ਦੀ ਰਿਪੋਰਟ ਚੰਡੀਗੜ੍ਹ: ਨਾਂਦੇੜ ਸਾਹਿਬ ਤੋਂ ਪਰਤੇ ਸ਼ਰਧਾਲੂ ਕੋਰੋਨਾ ਦੇ ਸ਼ਿਕਾਰ ਕਿਉਂ ਬਣੇ? ਇਸ ਬਾਰੇ ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸੱਕਤਰ ਬਿਕਰਮ ਮਜੀਠੀਆ ਨੇ ਵੱਡਾ ਖੁਲਾਸਾ ਕੀਤਾ ਹੈ। ਨਾਂਦੇੜ ਤੋਂ ਲਿਆਂਦੇ ਗਏ ਸਿੱਖ ਸ਼ਰਧਾਲੂਆਂ ਦੇ ਵੱਡੀ ਗਿਣਤੀ 'ਚ ਕੋਰੋਨਾਵਾਇਰਸ ਨਾਲ ਸੰਕਰਮਿਤ ਹੋਣ ਲਈ ਉਨ੍ਹਾਂ ਕੈਪਟਨ ਸਰਕਾਰ ਦੀ ਲਾਪ੍ਰਵਾਹੀ ਦੱਸੀ। ਮਜੀਠੀਆ ਨੇ ਕੈਪਟਨ ਸਰਕਾਰ ਤੇ ਇਲਜ਼ਾਮ ਲਾਉਂਦੇ ਹੋਏ ਕਿਹਾ ਕਿ 2000 ਲੋਕ ਰਾਜਸਥਾਨ ਤੋਂ ਵੀ ਆਏ, ਉਹ ਕੋਰੋਨਾ ਪੀੜਤ ਨਹੀਂ ਕਿਉਂਕਿ ਉਨ੍ਹਾਂ ਨੂੰ ਲੈਣ ਕੋਈ ਏਸੀ ਬੱਸਾਂ ਨਹੀਂ ਭੇਜੀਆਂ ਗਈਆਂ ਸਨ। ਮਹਾਰਾਸ਼ਟਰ ਸੰਗਤ ਨੂੰ ਲੈ ਕੇ ਆਉਣ ਲਈ ਏਸੀ ਬੱਸਾਂ ਭੇਜੀਆਂ ਗਈਆਂ। 3500 ਸ਼ਰਧਾਲੂਆਂ ਨੂੰ ਲਿਆਉਣ ਲਈ 80 ਬੱਸਾਂ ਭੇਜੀਆਂ ਗਈਆਂ। ਉਨ੍ਹਾਂ ਕਿਹਾ ਕਿ ਇਹ ਸਰਕਾਰ ਦੀ ਵੱਡੀ ਲਾਪ੍ਰਵਾਹੀ ਸੀ ਜਿਸ ਨਾਲ ਇਨ੍ਹੀਂ ਵੱਡੀ ਗਿਣਤੀ 'ਚ ਸ਼ਰਧਾਲੂ ਕੋਰੋਨਾ ਨਾਲ ਸੰਕਰਮਿਤ ਹੋਏ ਹਨ। ਮਜੀਠੀਆ ਨੇ ਕਿਹਾ ਕਿ ਸਰਕਾਰ ਦੇ ਮਾੜੇ ਪ੍ਰਬੰਧਾਂ ਦੀ ਪੋਲ ਨਿਰਮਲ ਸਿੰਘ ਖ਼ਾਲਸਾ ਤੇ ਏਸੀਪੀ ਲੁਧਿਆਣਾ ਦੇ ਇਲਾਜ ਨੇ ਹੀ ਖੋਲ੍ਹ ਦਿੱਤੀ ਸੀ। ਉਨ੍ਹਾਂ ਕਿਹਾ ਕਿ ਹੁਣ ਮਹਾਰਾਸ਼ਟਰ ਸਰਕਰ ਨੇ ਵੀ ਕੈਪਟਨ ਸਰਕਾਰ ਦੀ ਪੋਲ ਖੋਲ੍ਹ ਦਿੱਤੀ ਹੈ। ਮਹਾਰਾਸ਼ਟਰ ਸਰਕਾਰ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਕਮੀ ਪੇਸ਼ੀ ਪੰਜਾਬ ਸਰਕਾਰ ਵੱਲੋਂ ਹੀ ਰਹੀ ਹੈ ਤਾਂ ਹੀ ਸ਼ਰਧਾਲੂ ਪੰਜਾਬ ਪਹੁੰਚ ਕਿ ਕੋਰੋਨਾ ਨਾਲ ਸੰਕਰਮਿਤ ਪਾਏ ਗਏ ਹਨ। ਇਸ ਸਬੰਧੀ ਮਹਾਰਾਸ਼ਟਰ ਦੇ ਮੰਤਰੀ ਅਸ਼ੋਕ ਚੌਹਾਨ ਨੇ ਖੁਲਾਸਾ ਕੀਤਾ ਹੈ। ਆਈਸੀਐਮਆਰ ਦੀ ਰਿਪੋਰਟ ਮੁਤਾਬਕ ਏਸੀ ਦੀ ਵਰਤੋਂ ਨਾਲ ਕੋਰੋਨਾ ਦਾ ਪ੍ਰਸਾਰ ਵੱਧ ਸਕਦਾ। ਮਜੀਠੀਆ ਨੇ ਕਿਹਾ ਅਸੀਂ ਮਹਾਰਾਸ਼ਟਰ ਸਰਕਾਰ ਦੇ ਬਿਆਨ ਨਾਲ ਸਹਿਮਤ ਹਾਂ। ਮਜੀਠੀਆ ਨੇ ਸਰਕਾਰ ਦੇ ਕੁਆਰੰਟੀਨ ਸੈਂਟਰਾਂ ਦੇ ਖਸਤਾ ਹਾਲਾਤ ਤੇ ਗੱਲ ਕਰਦੇ ਹੋਏ ਕਿਹਾ ਕਿ ਇਨ੍ਹਾਂ ਸੈਂਟਰਾਂ 'ਚ ਲੋਕ ਪ੍ਰੇਸ਼ਾਨ ਹਨ। ਉਨ੍ਹਾਂ ਕਿਹਾ ਜੇ ਸਰਕਾਰ ਨਾਂਦੇੜ ਤੋਂ ਪਰਤੇ ਸ਼ਰਧਾਲੂਆਂ ਤੋਂ ਮੁੱਖ ਮੋੜਦੀ ਹੈ ਤਾਂ ਅਕਾਲੀ ਦਲ ਸੰਗਤ ਦੀ ਸੇਵਾ ਕਰੇਗੀ। ਇਸ ਵਕਤ ਪੰਜਾਬ ਦਾ ਕੋਰੋਨਾ ਰਿਕਵਰੀ ਰੇਟ 15% ਹੈ। ਮਜੀਠੀਆ ਨੇ ਕਿਹਾ ਕਿ ਸਿਹਤ ਮੰਤਰੀ ਘਰੋਂ ਬਾਹਰ ਨਿਕਲਣ ਤੇ ਪੰਜਾਬ ਦਾ ਜਾਇਜ਼ਾ ਲੈਣ। ਮਜੀਠੀਆ ਨੇ ਬਲਬੀਰ ਸਿੰਧੂ ਦੇ ਅਸਤੀਫਾ ਦੀ ਵੀ ਮੰਗ ਕੀਤੀ।