ਰੌਬਟ ਦੀ ਰਿਪੋਰਟ

ਚੰਡੀਗੜ੍ਹ: ਪੰਜਾਬ 'ਚ ਕੋਰੋਨਾਵਾਇਰਸ ਤੇ ਸਰਕਾਰ ਦੀਆਂ ਲਾਪ੍ਰਵਾਹੀਆਂ ਦਾ ਸਿਲਸਿਲਾ ਰੁਕਣ ਦਾ ਨਾਂ ਨਹੀਂ ਲੈ ਰਿਹਾ। ਕੋਰੋਨਾਵਾਇਰਸ ਮਹਾਮਾਰੀ ਨੇ ਦੁਨੀਆ ਭਰ ਦੇ ਗੋਡੇ ਲਵਾ ਦਿੱਤੇ ਹਨ। ਇਸ ਮੌਕੇ ਸੂਬਾ ਸਰਕਾਰ ਇਸ ਮਹਾਮਾਰੀ 'ਤੇ ਕਾਬੂ ਪਾਉਣ ਦੀ ਬਜਾਏ ਲਾਪ੍ਰਵਾਹੀਆਂ ਕਰਦੀ ਨਜ਼ਰ ਆ ਰਹੀ ਹੈ। ਰਾਜਸਥਾਨ ਦੇ ਜੈਸਲਮੇਰ ਤੋਂ ਪੰਜਾਬ ਲਿਆਂਦੇ ਗਏ 100 ਤੋਂ ਵੱਧ ਮਜ਼ਦੂਰ ਫਾਜ਼ਿਲਕਾ ਬੱਸ ਅੱਡੇ ਤੇ ਬੱਸਾਂ 'ਚੋਂ ਉੱਤਰ ਆਪਣੇ-ਆਪਣੇ ਘਰਾਂ ਨੂੰ ਭੱਜ ਗਏ। ਇਹ ਮਜ਼ਦੂਰ ਪ੍ਰਸ਼ਾਸਨ ਦੇ ਵਤੀਰੇ ਤੋਂ ਪ੍ਰੇਸ਼ਾਨ ਸਨ। ਇਹ ਘਟਨਾ ਬੁੱਧਵਾਰ ਰਾਤ ਦੀ ਹੈ।



ਜ਼ਿਕਰਯੋਗ ਗੱਲ ਇਹ ਹੈ ਕਿ ਇਨ੍ਹਾਂ ਮਜ਼ਦੂਰਾਂ ਨੇ ਭੱਜਣ ਤੋਂ ਪਹਿਲਾਂ ਬੱਸ ਅੱਡੇ ਤੇ ਧਰਨਾ ਵੀ ਲਾਇਆ ਸੀ। ਇਨ੍ਹਾਂ ਮਜ਼ੂਦਰਾਂ ਨੇ ਸੂਬਾ ਸਰਕਾਰ ਤੇ ਜ਼ਿਲ੍ਹਾ ਪ੍ਰਸ਼ਾਸਨ ਖਿਲਾਫ ਆਪਣੀ ਭੜਾਸ ਵੀ ਕੱਢੀ। ਇਨ੍ਹਾਂ ਮਜ਼ਦੂਰਾਂ ਨੇ ਪ੍ਰਸ਼ਾਸਨ ਤੇ ਉਨ੍ਹਾਂ ਨੂੰ ਭੁੱਖੇ ਰੱਖਣ, ਕੁਆਰੰਟੀਨ ਸੈਂਟਰ ਦਾ ਇੰਤਜਾਮ ਨਾ ਹੋਣ ਦਾ ਦੋਸ਼ ਲਾਇਆ ਹੈ।


 




ਇਸ ਤੋਂ ਬਾਅਦ ਮਜ਼ਦੂਰਾਂ ਨੇ ਆਪਣਾ ਸਾਮਾਨ ਚੁੱਕਿਆ ਤੇ ਰੇਲਵੇ ਟ੍ਰੈਕ ਦੇ ਨਾਲ ਨਾਲ ਭੱਜ ਗਏ। ਇਹ ਮਜ਼ਦੂਰ ਤਿੰਨ ਸਰਕਾਰੀ ਬੱਸਾਂ ਰਾਹੀਂ ਲਿਆਂਦੇ ਗਏ ਸੀ। ਇਸ ਬਾਰੇ ਸਰਕਾਰੀ ਬੱਸਾਂ ਦੇ ਡਰਾਈਵਰਾਂ ਨੇ ਕਿਹਾ ਕਿ ਉਹ ਅਬੋਹਰ ਤੋਂ ਇਨ੍ਹਾਂ ਮਜ਼ਦੂਰਾਂ ਨੂੰ ਲੈ ਕੇ ਫਾਜ਼ਿਲਕਾ ਆਏ ਸਨ। ਜਦੋਂ ਉਹ ਬੱਸ ਅੱਡੇ ਤੇ ਤੇਲ ਪਵਾਉਣ ਲਈ ਰੁਕੇ ਤਾਂ ਮਜ਼ਦੂਰ ਬੱਸਾਂ ਵਿੱਚੋਂ ਉੱਤਰ ਕਿ ਭੱਜ ਗਏ।

ਇਹ ਸਭ ਕੁਝ ਪੁਲਿਸ ਤੇ ਪ੍ਰਸ਼ਾਸਨ ਦੇ ਸਾਹਮਣੇ ਹੋਇਆ। ਹੁਣ ਫਾਜ਼ਿਲਕਾ ਪੁਲਿਸ ਇਹ ਦਾਅਵਾ ਕਰ ਰਹੀ ਹੈ ਕਿ ਉਨ੍ਹਾਂ ਇਹ ਸਾਰੇ ਮਜ਼ਦੂਰਾਂ ਨੂੰ ਫੜ੍ਹ ਕੇ ਕੁਆਰੰਟੀਨ ਕਰ ਲਿਆ ਹੈ। ਇਸ ਤਰ੍ਹਾਂ ਦੀ ਲਾਪ੍ਰਵਾਹੀ ਸਰਕਾਰ ਤੇ ਵੱਡੇ ਸਵਾਲ ਖੜ੍ਹੇ ਰਹੀ ਹੈ। ਨਾਂਦੇੜ ਤੋਂ ਬਾਅਦ ਰਾਜਸਥਾਨ ਤੋਂ ਲਿਆਂਦੇ ਗਏ 2800 ਮਜ਼ਦੂਰਾਂ ਨੂੰ ਕੁਆਰੰਟੀਨ ਕਰਨ ਤੇ ਕੋਵਿਡ ਟੈਸਟ ਕਰਵਾਉਣ ਵਿੱਚ ਵੀ ਪੰਜਾਬ ਸਰਕਾਰ ਅਸਫਲ ਸਾਬਤ ਹੋਈ ਹੈ।


 




28 ਅਪ੍ਰੈਲ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਦੇਸ਼ ਜਾਰੀ ਕੀਤੇ ਸਨ ਕਿ ਨਾਂਦੇੜ ਅਤੇ ਹੋਰ ਬਾਹਰੀ ਸੂਬਿਆਂ ਤੋਂ ਪੰਜਾਬ ਆਉਣ ਵਾਲੇ ਸਾਰੇ ਲੋਕਾਂ ਨੂੰ 21 ਦਿਨਾਂ ਲਈ ਕੁਆਰੰਟੀਨ ਸੈਂਟਰ ਵਿੱਚ ਰੱਖਿਆ ਜਾਵੇਗਾ ਪਰ ਇਸ ਗੱਲ ਤੇ ਪ੍ਰਸ਼ਾਸਨ ਵੱਲੋਂ ਗੌਰ ਨਹੀਂ ਕੀਤੀ ਗਈ ਤੇ ਬਾਹਰੋਂ ਆਉਣ ਵਾਲੇ ਇਨ੍ਹਾਂ ਮਜ਼ੂਦਰਾਂ ਨੂੰ ਬਹੁਤ ਹਲਕੇ 'ਚ ਲਿਆ ਗਿਆ।