ਅੰਮ੍ਰਿਤਸਰ: ਕੋਰੋਨਾਵਾਇਰਸ ਮਹਾਮਾਰੀ ਦਾ ਪ੍ਰਕੋਪ ਪੰਜਾਬ 'ਚ ਲਗਾਤਾਰ ਵਧਦਾ ਜਾ ਰਿਹਾ ਹੈ। ਕੋਰੋਨਾਵਾਇਰਸ ਮਹਾਮਾਰੀ ਵਿਚਾਲੇ ਪੰਜਾਬ ਸਰਕਾਰ ਨੇ ਆਪਣੇ ਲਈ ਇੱਕ ਹੋਰ ਚੁਣੌਤੀ ਖੜ੍ਹੀ ਕਰ ਲਈ ਹੈ। ਸੂਬਾ ਸਰਕਾਰ ਨੇ ਦੂਜੇ ਰਾਜਾਂ 'ਚ ਫਸੇ ਪੰਜਾਬੀਆਂ ਨੂੰ ਬਾਹਰ ਕੱਢਣ ਦਾ ਫੈਸਲਾ ਤਾਂ ਲਿਆ ਹੈ ਪਰ ਇੰਨੀ ਵੱਡੀ ਗਿਣਤੀ 'ਚ ਦਾਖਲ ਹੋਣ ਵਾਲੇ ਲੋਕਾਂ ਦਾ ਕੋਰੋਨਾ ਟੈਸਟ ਕਰਨਾ ਤੇ ਉਨ੍ਹਾਂ ਨੂੰ ਆਈਸੋਲੇਟ ਕਰ ਮੁਸ਼ਕਲ ਹੋ ਸਕਦਾ ਹੈ।

ਅੰਮ੍ਰਿਤਸਰ ਜ਼ਿਲ੍ਹੇ ਚੁਗਾਵਾਂ ਅਧੀਨ ਪੈਂਦੇ ਪਿੰਡ ਕਾਕੜ ਦੇ ਰਹਿਣ ਵਾਲੇ ਬੇਅੰਤ ਸਿੰਘ ਤੇ ਪਲਵਿੰਦਰ ਕੌਰ ਦਾ ਅੱਠ ਸਾਲਾ ਬੱਚਾ ਜੋ ਲੱਤ ਤੋਂ ਅਪਾਹਜ ਹੈ, ਆਪਣੇ ਦਾਦਾ-ਦਾਦੀ ਨਾਲ ਸੱਚਖੰਡ ਸ੍ਰੀ ਹਜ਼ੂਰ ਸਾਹਿਬ, ਨਾਂਦੇੜ ਵਿਖੇ ਦਰਸ਼ਨ ਕਰਨ ਗਿਆ ਸੀ। ਉਹ ਦੇਸ਼ ਵਿਆਪੀ ਲੌਕਡਾਉਨ ਕਾਰਨ ਉੱਥੇ ਹੀ ਫਸ ਗਿਆ।

ਹੁਣ ਬੱਚਾ ਆਪਣੇ ਦਾਦਾ ਦਾਦੀ ਨਾਲ ਸ਼ਰਧਾਲੂਆਂ ਵਾਲੀ ਬੱਸ ਰਾਹੀਂ ਅੰਮ੍ਰਿਤਸਰ ਦੇ ਕੁਆਰੰਟੀਨ ਸੈਂਟਰ 'ਚ ਪਹੁੰਚ ਗਿਆ ਹੈ। ਅੱਜ ਬੱਚੇ ਦੇ ਮਾਤਾ ਪਿਤਾ ਕੁਆਰੰਟੀਨ ਸੈਂਟਰ ਦੇ ਬਾਹਰ ਪਹੁੰਚੇ ਤੇ ਉਨ੍ਹਾਂ ਨੇ ਕਿਹਾ ਕਿ ਸਾਡਾ ਬੱਚਾ ਛੋਟਾ ਹੈ ਤੇ ਅਪਾਹਜ ਹੋਣ ਕਰਕੇ ਬਹੁਤ ਰੋ ਰਿਹਾ ਹੈ। ਮਾਤਾ ਪਿਤਾ ਨੇ ਡਾਕਟਰਾਂ ਨੂੰ ਇਹ ਬੇਨਤੀ ਕੀਤੀ ਹੈ ਕਿ ਜਾਂ ਤਾਂ ਉਨ੍ਹਾਂ ਵਿੱਚੋਂ ਇੱਕ ਜਣੇ ਨੂੰ ਬੱਚੇ ਦੇ ਨਾਲ ਰਹਿਣ ਦੀ ਇਜਾਜ਼ਤ ਦਿੱਤੀ ਜਾਵੇ ਜਾਂ ਟੈਸਟ ਦੀ ਰਿਪੋਰਟ ਆਉਣ ਤੋਂ ਬਾਅਦ ਉਸ ਨੂੰ ਨੇੜਲੇ ਹਸਪਤਾਲ ਭੇਜ ਦਿੱਤਾ ਜਾਵੇ ਜਿੱਥੇ ਉਸ ਦਾ ਇਲਾਜ ਸਹੀ ਢੰਗ ਨਾਲ ਹੋ ਸਕੇ।
ਪਲਵਿੰਦਰ ਕੌਰ ਪਿੰਡ ਕਾਕੜਾ ਦੀ ਸਰਪੰਚ ਵੀ ਹੈ ਤੇ ਉਨ੍ਹਾਂ ਦਾ ਕਹਿਣਾ ਹੈ ਕਿ ਕੁਆਰੰਟੀਨ ਸੈਂਟਰ ਦੇ ਵਿੱਚ ਲੋਕਾਂ ਨੂੰ ਖਾਣਾ ਨਹੀਂ ਦਿੱਤਾ ਜਾ ਰਿਹਾ ਤੇ ਨਾ ਹੀ ਸਹੀ ਢੰਗ ਨਾਲ ਖਿਆਲ ਰੱਖਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸਾਡੀ ਫੋਨ ਰਾਹੀਂ ਸੈਂਟਰ ਅੰਦਰ ਗੱਲ ਹੋਈ ਹੈ ਜਿੱਥੋਂ ਸਾਡੇ ਮਾਤਾ ਪਿਤਾ ਨੇ ਦੱਸਿਆ ਕਿ ਕੱਲ੍ਹ ਦੁਪਹਿਰ ਵੇਲੇ ਖਾਣਾ ਆਇਆ ਸੀ ਪਰ ਉਸ ਤੋਂ ਬਾਅਦ ਰਾਤ ਨੂੰ ਖਾਣਾ ਖਾਣ ਲਈ ਨਹੀਂ ਮਿਲਿਆ।

ਜਦਕਿ ਕੁਆਰੰਟੀਨ ਸੈਂਟਰ ਦੀ ਨਿਗਰਾਨੀ ਰੱਖ ਰਹੇ ਡਾਕਟਰਾਂ ਦੀ ਟੀਮ ਦਾ ਕਹਿਣਾ ਹੈ ਕਿ ਸ਼ਰਧਾਲੂਆਂ ਦਾ ਪੂਰਾ ਖਿਆਲ ਰੱਖਿਆ ਜਾ ਰਿਹਾ ਹੈ ਤੇ ਉਨ੍ਹਾਂ ਨੂੰ ਹਰ ਜ਼ਰੂਰੀ ਚੀਜ਼ ਦਿੱਤੀ ਜਾ ਰਹੀ ਹੈ। ਡਾਕਟਰ ਭਾਰਤੀ ਮੁਤਾਬਕ ਸ਼ਰਧਾਲੂਆਂ ਦੇ ਲਏ ਸੈਂਪਲਾਂ ਦੀ ਰਿਪੋਰਟ ਸ਼ਾਮ ਤੱਕ ਆ ਜਾਵੇਗੀ। ਇਸ ਤੋਂ ਇਲਾਵਾ ਡਾਕਟਰ ਭਾਰਤੀ ਨੇ ਦੱਸਿਆ ਕਿ ਮੈਡੀਕਲ ਕਾਲਜ ਨਜ਼ਦੀਕ ਸਥਿਤ ਸਾਡੇ ਕੁਆਰੰਟੀਨ ਸੈਂਟਰ ਦੇ ਵਿੱਚ ਕੋਈ ਨਵਾਂ ਸ਼ਰਧਾਲੂ ਨਹੀਂ ਪਹੁੰਚਿਆ।