ਰੌਬਟ ਦੀ ਰਿਪੋਰਟ
ਚੰਡੀਗੜ੍ਹ: ਕੋਰੋਨਾਵਾਇਰਸ (Coronavirus) ਕੋਵਿਡ-19 ਦਾ ਪੰਜਾਬ ਵਿੱਚ ਕਹਿਰ ਲਗਾਤਾਰ ਜਾਰੀ ਹੈ। ਰਾਜ ਵਿੱਚ ਐਤਵਾਰ ਨੂੰ 10 ਹੋਰ ਲੋਕਾਂ ਦੇ ਕੋਰੋਨਾਵਾਇਰਸ ਨਾਲ ਸੰਕਰਮਿਤ ਹੋਣ ਦੀ ਪੁਸ਼ਟੀ ਹੋਈ ਹੈ। ਐਤਵਾਰ ਸਵੇਰੇ ਮੁਹਾਲੀ ਜ਼ਿਲ੍ਹੇ ਦੇ ਨਵਾਂ ਗਾਓਂ ਵਿੱਚ ਇੱਕ ਹੀ ਪਰਿਵਾਰ ਦੇ ਚਾਰ ਲੋਕਾਂ ਵਿੱਚ ਕਾਰੋਨਾ ਦੀ ਪੁਸ਼ਟੀ ਹੋਈ ਹੈ।ਇਨ੍ਹਾਂ ਦੇ ਪਰਿਵਾਰ ਦਾ ਇੱਕ ਵਿਅਕਤੀ ਪਿਛਲੇ ਸ਼ੁੱਕਰਵਾਰ ਨੂੰ ਕੋਰੋਨਾਵਾਇਰਸ ਨਾਲ ਪੌਜ਼ੇਟਿਵ ਪਾਇਆ ਗਿਆ ਸੀ।ਇਸਦੇ ਨਾਲ ਹੀ ਛੇ ਨਵੇਂ ਕੇਸ ਜਲੰਧਰ ਤੋਂ ਸਾਹਮਣੇ ਆਏ ਹਨ।
ਪੰਜਾਬ ਰਾਜ ਵਿੱਚ ਹੁਣ ਕੋਰੋਨਾ ਦੇ 244 ਸਕਾਰਾਤਮਕ ਮਾਮਲੇ ਹੋ ਚੁੱਕੇ ਹਨ। ਇਨ੍ਹਾਂ ਵਿੱਚ 16 ਲੋਕਾਂ ਦੀ ਮੌਤ ਹੋ ਚੁੱਕੀ ਹੈ।
ਮੁਹਾਲੀ ਜ਼ਿਲ੍ਹੇ ਵਿੱਚ ਇਨ੍ਹਾਂ ਚਾਰ ਨਵੇਂ ਮਾਮਲਿਆਂ ਨਾਲ ਹੁਣ ਜ਼ਿਲ੍ਹੇ ਵਿੱਚ ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ ਵਧ ਕੇ 61 ਹੋ ਗਈ ਹੈ। ਆਦਰਸ਼ ਨਗਰ, ਨਵਾਂ ਗਾਓਂ ਵਿੱਚ ਮਰੀਜ਼ ਦੇ ਘਰ ਦੇ ਚਾਰ ਮੈਂਬਰ ਕੋਰੋਨਾ ਪੌਜ਼ੇਟਿਵ ਪਾਏ ਗਏ। ਆਦਰਸ਼ ਨਗਰ ਦਾ ਵਸਨੀਕ ਮਰੀਜ਼ ਪੀਜੀਆਈ ਵਿਖੇ ਸਵੱਛਤਾ ਵਰਕਰ ਹੈ। ਉਸ ਨੂੰ ਪਿਛਲੇ ਸ਼ੁੱਕਰਵਾਰ ਨੂੰ ਕੋਰੋਨਾ ਨਾਲ ਪੌਜ਼ੇਟਿਵ ਟੈਸਟ ਕੀਤਾ ਗਿਆ ਸੀ। ਅੱਜ, ਇੱਕ 60 ਸਾਲਾ ਔਰਤ, ਇੱਕ 26 ਸਾਲਾ ਔਰਤ, 19 ਸਾਲਾ ਨੌਜਵਾਨ ਤੇ ਇੱਕ ਸਾਲ ਦਾ ਬੱਚਾ ਕੋਰੋਨਾਵਾਇਰਸ ਨਾਲ ਪੌਜ਼ੇਟਿਵ ਟੈਸਟ ਕੀਤੇ ਗਏ।
 
ਦੱਸ ਦਈਏ ਕਿ ਸ਼ਨੀਵਾਰ ਨੂੰ ਪੰਜਾਬ ਵਿੱਚ 18 ਨਵੇਂ ਸਕਾਰਾਤਮਕ ਮਰੀਜ਼ਾਂ ਦੀ ਪੁਸ਼ਟੀ ਹੋਈ ਸੀ ਅਤੇ ਇੱਕ ਮਰੀਜ਼ ਦੀ ਮੌਤ ਹੋ ਗਈ ਸੀ। ਲੁਧਿਆਣਾ ਉੱਤਰੀ ਦੇ ਏਸੀਪੀ ਅਨਿਲ ਕੁਮਾਰ ਕੋਹਲੀ ਦੀ ਮੌਤ ਹੋ ਗਈ ਸੀ। ਸ਼ਨੀਵਾਰ ਨੂੰ, ਪਟਿਆਲਾ ਵਿੱਚ 15 ਵਿਅਕਤੀਆਂ ਦੇ ਕੋਰੋਨਾ ਪੌਜ਼ੇਟਿਵ ਹੋਣ ਦੀ ਪੁਸ਼ਟੀ ਕੀਤੀ ਗਈ। ਇਹ ਸਾਰੇ ਲੋਕ ਰਾਜਪੁਰਾ ਦੇ ਰਹਿਣ ਵਾਲੀ ਇੱਕ 53 ਸਾਲਾ ਔਰਤ ਦੇ ਸੰਪਰਕ ਵਿੱਚ ਆਏ ਸਨ।
ਇਸ ਦੇ ਨਾਲ ਹੀ ਪਟਿਆਲੇ ਵਿੱਚ ਸੰਕਰਮਿਤ ਲੋਕਾਂ ਦੀ ਕੁੱਲ ਸੰਖਿਆ 11 ਤੋਂ 26 ਹੋ ਗਈ। ਪਟਿਆਲਾ ਵੀ ਹੁਣ ਹੌਟ ਸਪਾਟ ਵਿੱਚ ਸ਼ਾਮਲ ਹੋ ਗਿਆ ਹੈ। ਇਸ ਦੇ ਨਾਲ ਹੀ ਜਲੰਧਰ ਵਿੱਚ ਨਵੇਂ ਕੇਸਾਂ ਦੀ ਲੜੀ ਚੱਲ ਰਹੀ ਹੈ। ਬਸਤੀ ਦਾਨਿਸ਼ਮੰਦਾ ਵਿੱਚ ਸ਼ਨੀਵਾਰ ਨੂੰ ਤਿੰਨ ਕੇਸ ਪੌਜ਼ੇਟਿਵ ਪਾਏ ਗਏ। ਇਨ੍ਹਾਂ ਵਿੱਚ ਦਾਨਿਸ਼ਮੰਦਾ ਦੇ ਇੱਕ ਬਜ਼ੁਰਗ ਵਿਅਕਤੀ ਦੀ ਭਤੀਜੀ, ਜਵਾਈ ਤੇ ਦੋਹਤਾ ਸ਼ਾਮਲ ਹਨ।