ਚੰਡੀਗੜ੍ਹ: ਸਰਕਾਰ ਦੀ ਸਖਤੀ ਦੇ ਬਾਵਜੂਦ ਕੋਰੋਨਾ ਮੁੜ ਬੇਕਾਬੂ ਹੋ ਰਿਹਾ ਹੈ। ਦੇਸ਼ ਅੰਦਰ ਨਵੇਂ ਕੇਸਾਂ ਨੇ ਰਿਕਾਰਡ ਤੋੜਿਆ ਹੈ। ਪੰਜਾਬ ’ਚ ਵੀ ਸੋਮਵਾਰ 72 ਮੌਤਾਂ ਮੌਤਾਂ ਹੋਈਆਂ ਹਨ। ਇਸ ਦੇ ਨਾਲ ਹੀ ਸੋਮਵਾਰ 2714 ਨਵੇਂ ਕੇਸ ਸਾਹਮਣੇ ਆਏ ਹਨ। ਸੂਬੇ ਵਿੱਚ ਕਰੋਨਾ ਦੀ ਦੂਜੀ ਲਹਿਰ ਦੌਰਾਨ ਮੌਤਾਂ ਦਾ ਸਭ ਤੋਂ ਵੱਡਾ ਅੰਕੜਾ ਸਾਹਮਣੇ ਆਇਆ ਹੈ।
ਸਰਕਾਰੀ ਰਿਪੋਰਟ ਮੁਤਾਬਕ ਭਾਰਤ ਵਿੱਚ ਸੋਮਵਾਰ ਨੂੰ ਕਰੋਨਾਵਾਇਰਸ ਦੇ ਇੱਕ ਲੱਖ ਤੋਂ ਵੱਧ ਰਿਕਾਰਡ ਕੇਸ ਸਾਹਮਣੇ ਆਏ ਹਨ। ਨਵੇਂ 1,03,558 ਕੇਸ ਮਿਲਣ ਨਾਲ ਹੁਣ ਤੱਕ ਸਾਹਮਣੇ ਆਏ ਕੁੱਲ ਕੇਸਾਂ ਦੀ ਗਿਣਤੀ 1,25,89,067 ਹੋ ਗਈ ਹੈ। 81 ਪ੍ਰਤੀਸ਼ਤ ਤੋਂ ਵੱਧ ਕੇਸ ਅੱਠ ਰਾਜਾਂ ਵਿਚ ਮਿਲੇ ਹਨ।
ਇਨ੍ਹਾਂ ਸੂਬਿਆਂ ਵਿਚ ਮਹਾਰਾਸ਼ਟਰ, ਛੱਤੀਸਗੜ੍ਹ, ਕਰਨਾਟਕ, ਯੂਪੀ, ਦਿੱਲੀ, ਤਾਮਿਲਨਾਡੂ, ਮੱਧ ਪ੍ਰਦੇਸ਼ ਤੇ ਪੰਜਾਬ ਸ਼ਾਮਲ ਹਨ। ਮਹਾਰਾਸ਼ਟਰ ਵਿੱਚ ਇੱਕ ਦਿਨ ’ਚ ਸਭ ਤੋਂ ਵੱਧ 57,074 ਕੇਸ ਮਿਲੇ ਹਨ। ਇਸ ਤੋਂ ਬਾਅਦ ਛੱਤੀਸਗੜ੍ਹ ਵਿਚ 5250 ਤੇ ਕਰਨਾਟਕ ਵਿੱਚ 4553 ਕੇਸ ਸਾਹਮਣੇ ਆਏ ਹਨ। ਇਸ ਤੋਂ ਪਹਿਲਾਂ ਪਿਛਲੇ ਸਾਲ ਸਤੰਬਰ ਵਿੱਚ ਇੱਕ ਦਿਨ ’ਚ 97,894 ਕੇਸ ਪਾਜ਼ੇਟਿਵ ਮਿਲੇ ਸਨ।
ਬੀਤੇ ਇੱਕ ਦਿਨ ਵਿਚ ਦੇਸ਼ ਵਿੱਚ ਵਾਇਰਸ ਨਾਲ 478 ਮੌਤਾਂ ਹੋਈਆਂ ਹਨ। ਇਸ ਤਰ੍ਹਾਂ ਮ੍ਰਿਤਕਾਂ ਦੀ ਕੁੱਲ ਗਿਣਤੀ 1,65,101 ਹੋ ਗਈ ਹੈ। ਇਸ ਸਾਲ ਲਗਾਤਾਰ 26ਵੇਂ ਦਿਨ ਕੇਸਾਂ ਵਿੱਚ ਵੱਡਾ ਵਾਧਾ ਹੋ ਰਿਹਾ ਹੈ। ਐਕਟਿਵ ਕੇਸ ਵਧ ਕੇ 7,41,830 ਹੋ ਗਏ ਹਨ। ਰਿਕਵਰੀ ਦਰ ਘਟ ਕੇ 92.80 ਪ੍ਰਤੀਸ਼ਤ ’ਤੇ ਆ ਗਈ ਹੈ।
12 ਫਰਵਰੀ ਨੂੰ ਐਕਟਿਵ ਕੇਸਾਂ ਦੀ ਗਿਣਤੀ 1,35,926 ਸੀ। ਆਈਸੀਐਮਆਰ ਮੁਤਾਬਕ ਹੁਣ ਤੱਕ 24,90,19,657 ਟੈਸਟ ਹੋ ਚੁੱਕੇ ਹਨ। ਪਿਛਲੇ ਚੌਵੀ ਘੰਟਿਆਂ ਵਿਚ ਮਹਾਰਾਸ਼ਟਰ ’ਚ 222, ਪੰਜਾਬ ਵਿਚ 51, ਛੱਤੀਸਗੜ੍ਹ ਵਿਚ 36, ਯੂਪੀ ਵਿੱਚ 31, ਕਰਨਾਟਕ ’ਚ 15, ਗੁਜਰਾਤ ਵਿੱਚ 14, ਮੱਧ ਪ੍ਰਦੇਸ਼ ਵਿੱਚ 11 ਤੇ ਹਿਮਾਚਲ ਵਿਚ 10 ਮੌਤਾਂ ਹੋਈਆਂ ਹਨ।
ਪੰਜਾਬ ’ਚ ਸੋਮਵਾਰ ਨੂੰ ਰਿਕਾਰਡ 72 ਮੌਤਾਂ ਕਰੋਨਾਵਾਇਰਸ ਨਾਲ ਹੋਈਆਂ ਤੇ 2714 ਨਵੇਂ ਮਾਮਲੇ ਵੀ ਸਾਹਮਣੇ ਆਏ। ਸੂਬੇ ਵਿੱਚ ਕਰੋਨਾ ਦੀ ਦੂਜੀ ਲਹਿਰ ਦੌਰਾਨ ਮੌਤਾਂ ਦਾ ਸਭ ਤੋਂ ਵੱਡਾ ਅੰਕੜਾ ਸਾਹਮਣੇ ਆਇਆ ਹੈ। ਜ਼ਿਲ੍ਹਾਵਾਰ ਹੁਸ਼ਿਆਰਪੁਰ ’ਚ 11, ਗੁਰਦਾਸਪੁਰ, ਲੁਧਿਆਣਾ ’ਚ 8-8, ਜਲੰਧਰ ਤੇ ਕਪੂਰਥਲਾ ਵਿੱਚ 7-7, ਨਵਾਂ ਸ਼ਹਿਰ ’ਚ 6, ਮੁਹਾਲੀ ਤੇ ਅੰਮ੍ਰਿਤਸਰ ਵਿੱਚ 5-5, ਪਟਿਆਲਾ ਤੇ ਫਿਰੋਜ਼ਪੁਰ ’ਚ 4-4, ਫਤਿਹਗੜ੍ਹ ਸਾਹਿਬ ਵਿੱਚ 2, ਬਰਨਾਲਾ, ਮੁਕਤਸਰ, ਪਠਾਨਕੋਟ, ਸੰਗਰੂਰ, ਤਰਨ ਤਾਰਨ ਵਿੱਚ ਇੱਕ-ਇੱਕ ਮੌਤ ਹੋਈ ਹੈ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :