ਪੰਜਾਬੀ ਏਕਤਾ ਪਾਰਟੀ ਦੇ ਪ੍ਰਧਾਨ ਸੁਖਪਾਲ ਖਹਿਰਾ ਨੇ ਸੋਸ਼ਲ ਮੀਡੀਆ ਖਾਤਿਆਂ 'ਤੇ ਇਸ ਦੀ ਪੁਸ਼ਟੀ ਕੀਤੀ ਹੈ। ਖਹਿਰਾ ਨੇ ਲਿਖਿਆ ਹੈ ਕਿ ਬਹੁਜਨ ਸਮਾਜ ਪਾਰਟੀ, ਲੋਕ ਇਨਸਾਫ ਪਾਰਟੀ, ਸ਼੍ਰੋਮਣੀ ਅਕਾਲੀ ਦਲ ਟਕਸਾਲੀ, ਡਾ. ਧਰਮਵੀਰ ਗਾਂਧੀ ਅਤੇ ਉਨ੍ਹਾਂ ਦੀ ਪੀਈਪੀ ਨੇ ਟਿਕਟ ਵੰਡ 'ਤੇ ਆਪਸੀ ਸਹਿਮਤੀ ਬਣਾ ਲਈ ਹੈ।
ਸਾਰੀਆਂ ਮੁੱਖ ਧਿਰਾਂ ਦੇ ਨੁਮਾਇੰਦਿਆਂ ਨੇ ਲੁਧਿਆਣਾ ਤੋਂ ਵਿਧਾਇਕ ਸਿਮਰਜੀਤ ਬੈਂਸ ਦੇ ਜਨਮ ਦਿਨ ਮੌਕੇ ਕੇਕ ਕੱਟਿਆ ਤੇ ਸੀਟ ਵੰਡ ਸਬੰਧੀ ਬੈਠਕ ਵੀ ਕੀਤੀ। ਖਹਿਰਾ ਵੱਲੋਂ ਕੀਤੇ ਟਵੀਟ ਵਿੱਚ 'ਆਪ' ਦਾ ਕੋਈ ਜ਼ਿਕਰ ਨਹੀਂ ਕੀਤਾ, ਜਿਸ ਤੋਂ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਫਰੰਟ ਨੇ ਆਪਣੀਆਂ ਸੀਟਾਂ ਤੈਅ ਕਰ ਲਈਆਂ ਹਨ ਅਤੇ ਗਠਜੋੜ ਵਿੱਚ 'ਆਪ' ਨੂੰ ਸ਼ਾਮਲ ਨਹੀਂ ਰੱਖਿਆ। ਆਉਣ ਵਾਲੇ ਦਿਨਾਂ ਵਿੱਚ ਫਰੰਟ ਵੱਲੋਂ ਉਮੀਦਵਾਰਾਂ ਦੇ ਨਾਂਵਾਂ ਬਾਰੇ ਐਲਾਨ ਕੀਤਾ ਜਾ ਸਕਦਾ ਹੈ।