ਫ਼ਰੀਦਕੋਟ/ਫ਼ਿਰੋਜ਼ਪੁਰ: ਪੰਜਾਬ ਪੁਲਿਸ ਦੇ ਨਵੇਂ ਬਣੇ ਮੁਖੀ ਡੀਜੀਪੀ ਦਿਨਕਰ ਗੁਪਤਾ ਨੇ ਨਸ਼ਿਆਂ ਸਬੰਧੀ ਦਾਅਵਾ ਕੀਤਾ ਹੈ ਕਿ ਪੁਲਿਸ ਨੇ ਨਸ਼ਿਆਂ ਦੀ ਸਪਲਾਈ ਤੋੜੀ ਹੈ। ਗੁਪਤਾ ਨੇ ਕਿਹਾ ਹੈ ਕਿ ਪੰਜਾਬ ਦੇ 124 ਥਾਣਾ ਖੇਤਰਾਂ ਦੀ ਪਛਾਣ ਕੀਤੀ ਗਈ ਹੈ ਜਿਨ੍ਹਾਂ 'ਚ ਨਸ਼ੇ ਦੀ ਸਮੱਸਿਆ ਹੈ ਅਤੇ ਪੁਲਿਸ ਹੁਣ ਇਨ੍ਹਾਂ 'ਤੇ ਵੱਧ ਧਿਆਨ ਕੇਂਦਰਤ ਕਰੇਗੀ। ਇਸ ਦੇ ਨਾਲ ਡੀਜੀਪੀ ਨੇ ਇਹ ਵੀ ਮੰਨਿਆ ਕਿ ਨਸ਼ੇ ਨੂੰ ਪੂਰਨ ਤੌਰ 'ਤੇ ਖ਼ਤਮ ਕਰਨਾ ਅਸੰਭਵ ਹੈ।

ਲੋਕ ਸਭਾ ਚੋਣਾਂ ਦੇ ਐਲਾਨ ਮਗਰੋਂ ਪੰਜਾਬ ਦੇ ਡੀਜੀਪੀ ਦਿਨਕਰ ਗੁਪਤਾ ਨੇ ਕਈ ਜ਼ਿਲ੍ਹਿਆਂ ਦਾ ਦੌਰਾ ਕੀਤਾ ਤੇ ਇਸੇ ਤਹਿਤ ਫ਼ਿਰੋਜ਼ਪੁਰ-ਫ਼ਾਜ਼ਿਲਕਾ ਦੇ ਪੁਲਿਸ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਗਈ। ਨਸ਼ੇ ਦੇ ਮਾਮਲੇ 'ਤੇ ਅਹਿਮ ਜਾਣਕਾਰੀ ਦਿੰਦਿਆਂ ਡੀਜੀਪੀ ਨੇ ਕਿਹਾ ਕਿ ਪੰਜਾਬ ਵਿੱਚ 124 ਥਾਣਿਆਂ ਦੀ ਪਛਾਣ ਕੀਤੀ ਗਈ ਹੈ, ਜਿਨ੍ਹਾਂ ਵਿੱਚ ਨਸ਼ੇ ਦੀ ਸਮੱਸਿਆ ਹੈ। ਡੀਜੀਪੀ ਨੇ ਕਿਹਾ ਕਿ ਉਹ ਹੁਣ ਉਨ੍ਹਾਂ ਥਾਣਿਆਂ ਨਾਲ ਸਬੰਧਤ ਪੁਲਿਸ ਅਧਿਕਾਰੀਆਂ ਨਾਲ ਮੀਟਿੰਗ ਕਰਨਗੇ।

ਲੁਧਿਆਣਾ ਤੋਂ ਵਿਧਾਇਕ ਸਿਮਰਜੀਤ ਸਿੰਘ ਬੈਂਸ ਵੱਲੋਂ ਸੋਸ਼ਲ ਮੀਡੀਆ 'ਤੇ ਲਾਈਵ ਹੋ ਕੇ ਨਸ਼ਾ ਖਰੀਦਣ ਦੇ ਮਾਮਲੇ ਸਬੰਧੀ ਕੀਤੇ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਕਿਹਾ ਕਿ ਨਸ਼ੇ ਨੂੰ ਖਤਮ ਕਰਨ ਲਈ ਵਿਸ਼ੇਸ਼ ਟਾਸਕ ਫੋਰਸ ਠੀਕ ਢੰਗ ਨਾਲ ਕੰਮ ਕਰ ਰਹੀ ਹੈ। ਉਨ੍ਹਾਂ ਅਮਰੀਕਾ ਵਰਗੇ ਦੇਸ਼ਾਂ ਦੀ ਮਿਸਾਲ ਦਿੰਦਿਆਂ ਕਿਹਾ ਕਿ ਕਿਹਾ ਕੋਈ ਵੀ ਨਸ਼ੇ ਨੂੰ ਪੂਰਨ ਤੌਰ 'ਤੇ ਖ਼ਤਮ ਨਹੀਂ ਕਰ ਸਕਦਾ।

ਏਡੀਜੀਪੀ ਐਸਟੀਐਫ ਨੇ ਪੰਜਾਬ ਪੁਲਿਸ ਦੇ ਫੇਸਬੁੱਕ ਪੇਜ ਰਾਹੀਂ ਕਿਹਾ ਹੈ ਕਿ ਡੀਜੀਪੀ ਦਿਨਕਰ ਗੁਪਤਾ ਦੇ ਡਰੱਗਸ 'ਤੇ ਦਿੱਤੇ ਬਿਆਨ ਦਾ ਮਤਲਬ ਉਹ ਨਹੀਂ ਸੀ, ਜੋ 'ਏਬੀਪੀ ਸਾਂਝਾ' ਦੀ ਖ਼ਬਰ ਤੋਂ ਜਾਪਦਾ ਹੈ। ਬਲਕਿ, ਉਨ੍ਹਾਂ ਕਿਹਾ ਸੀ ਕਿ ਪੰਜਾਬ ਦੇ 124 ਥਾਣਾ ਖੇਤਰਾਂ ਦੀ ਪਛਾਣ ਕੀਤੀ ਗਈ ਹੈ ਜਿਨ੍ਹਾਂ 'ਚ ਨਸ਼ੇ ਦੀ ਸਮੱਸਿਆ ਹੈ ਅਤੇ ਪੁਲਿਸ ਹੁਣ ਇਨ੍ਹਾਂ 'ਤੇ ਵੱਧ ਧਿਆਨ ਕੇਂਦਰਤ ਕਰੇਗੀ।

ਏਡੀਜੀਪੀ ਐਸਟੀਐਫ ਨੇ ਇਹ ਵੀ ਕਿਹਾ ਕਿ ਪਿਛਲੇ ਕੁਝ ਸਮੇਂ ਵਿੱਚ ਪੰਜਾਬ ਪੁਲਿਸ ਨੇ ਨਸ਼ੇ ਦੀ ਸਪਲਾਈ ਤੋੜਨ 'ਚ ਵੱਡੀ ਕਾਮਯਾਬੀ ਹਾਸਲ ਕੀਤੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਪੁਲਿਸ ਅਤੇ ਐਸਟੀਐਫ ਨਸ਼ੇ ਦੀ ਸਮੱਸਿਆ ਨੂੰ ਖ਼ਤਮ ਕਰਨ ਸਈ ਲਗਾਤਾਰ ਕਦਮ ਚੁੱਕ ਰਹੀ ਹੈ।