ਚੰਡੀਗੜ੍ਹ: ਟਿਕਟਾਂ ਕੱਟੇ ਜਾਣ ਮਗਰੋਂ ਕਾਂਗਰਸ ਵਿੱਚ ਭੂਚਾਲ ਜਾਰੀ ਹੈ। ਕਾਂਗਰਸੀ ਲੀਡਰ ਜਗਮੋਹਨ ਕੰਗ ਨੇ ਕਿਹਾ ਹੈ ਕਿ । ਜੇਕਰ ਹਾਈਕਮਾਂਡ ਟਿਕਟ ਬਦਲਦੀ ਹੈ ਤਾਂ ਚੰਗਾ ਨਹੀਂ ਤਾਂ ਮੇਰਾ ਪੁੱਤਰ ਆਜ਼ਾਦ ਚੋਣ ਲੜੇਗਾ। ਉਨ੍ਹਾਂ ਇਲਜ਼ਾਮ ਲਾਇਆ ਹੈ ਕਿ ਮੁੱਖ ਮੰਤਰੀ ਚਰਨਜੀਤ ਚੰਨੀ ਨੇ ਮੇਰੀ ਟਿਕਟ ਕਟਵਾਈ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਦੀ ਕੇਂਦਰੀ ਲੀਡਰਸ਼ਿਪ ਮੇਰੇ ਨਾਲ ਸੀ ਤੇ ਮੈਂ ਸਾਰੇ ਸਰਵੇਖਣਾਂ ਵਿੱਚ ਅੱਗੇ ਸੀ।


ਉਨ੍ਹਾਂ ਕਿਹਾ ਕਿ ਚੰਨੀ ਨੇ ਫਿਰ ਪੈਂਤੜਾ ਚੱਲਿਆ ਹੈ ਕਿ ਖਰੜ ਵਿੱਚ ਹਿੰਦੂ ਹੀ ਜਿੱਤੇਗਾ। ਚੰਨੀ ਪਿਛਲੀ ਸੀਈਸੀ ਮੀਟਿੰਗ ਵਿੱਚ ਸ਼ਾਮਲ ਨਹੀਂ ਹੋਏ ਸਨ ਪਰ ਹਰੀਸ਼ ਚੌਧਰੀ ਨਾਲ ਮਿਲ ਕੇ ਮੇਰੀ ਟਿਕਟ ਕਟਵਾ ਦਿੱਤੀ। ਉਨ੍ਹਾਂ ਕਿਹਾ ਕਿ ਮੈਂ ਆਪਣੇ ਪੁੱਤਰ ਯਾਦਵਿੰਦਰ ਕੰਗ ਲਈ ਟਿਕਟ ਮੰਗੀ ਸੀ। ਮੈਂ ਹਾਈਕਮਾਂਡ ਨਾਲ ਗਿਲਾ ਨਹੀਂ ਕਰਦਾ। ਮੈਂ ਹਾਈਕਮਾਂਡ ਨੂੰ ਅਪੀਲ ਕਰਦਾ ਹਾਂ ਕਿ ਇਸ ਬਾਰੇ ਗੌਰ ਕੀਤੀ ਜਾਵੇ।

ਉਨ੍ਹਾਂ ਕਿਹਾ ਕਿ ਹੋਰ ਪਾਰਟੀਆਂ ਵੀ ਮੇਰੇ ਕੋਲ ਪਹੁੰਚ ਰਹੀਆਂ ਹਨ। ਜੇਕਰ ਹਾਈਕਮਾਂਡ ਟਿਕਟ ਬਦਲਦੀ ਹੈ ਤਾਂ ਚੰਗਾ ਨਹੀਂ ਤਾਂ ਮੇਰਾ ਪੁੱਤਰ ਆਜ਼ਾਦ ਚੋਣ ਲੜੇਗਾ। ਉਨ੍ਹਾਂ ਕਿਹਾ ਕਿ ਜੇਕਰ ਮੇਰਾ ਬੇਟਾ ਆਜ਼ਾਦ ਲੜਦਾ ਹੈ ਤਾਂ ਮੈਂ ਚੰਨੀ ਦੇ ਇਲਾਕੇ 'ਚ ਜਾ ਕੇ ਉਸ ਵਿਰੁੱਧ ਪ੍ਰਚਾਰ ਕਰਾਂਗਾ। ਇਸ ਬਾਰੇ ਮੈਂ ਸੋਨੀਆ ਗਾਂਧੀ ਨੂੰ ਚਿੱਠੀ ਲਿਖੀ ਹੈ।

ਉਧਰ, ਫਿਰੋਜ਼ਪੁਰ ਤੋਂ ਦਾਅਵੇਦਾਰ ਸਤਿਕਾਰ ਕੌਰ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਲੋਕ ਕਾਂਗਰਸ ਸ਼ਾਮਲ ਹੋ ਗਏ। ਇਸ ਕਰਕੇ ਮੈਨੂੰ ਟਿਕਟ ਨਹੀ ਮਿਲੀ। ਉਨ੍ਹਾਂ ਕਿਹਾ ਕਿ ਮੈਂ ਜੋ ਕੰਮ ਕਰਵਾਏ ਹਨ, ਉਹ 50 ਸਾਲ ਤੋਂ ਨਹੀਂ ਹੋਏ ਸੀ। ਵੱਡੇ ਪ੍ਰੋਜੈਕਟ ਅਸੀਂ ਕਰਵਾਏ ਹਨ। ਪਾਰਟੀ ਨੇ ਇਸ ਵਾਰ ਮੌਕਾ ਨਹੀਂ ਦਿੱਤਾ ਤਾਂ ਕੋਈ ਗੱਲ ਨਹੀਂ। ਮੈਂ ਕਾਂਗਰਸ ਉਮੀਦਵਾਰ ਆਸ਼ੂ ਬੰਗਭ ਦਾ ਵਿਰੋਧ ਨਹੀਂ ਕਰਾਂਗੀ ਪਰ ਸਾਥ ਵੀ ਨਹੀਂ ਦਿਆਂਗੀ।