Punjab Election Congress Candidates List: ਕਾਂਗਰਸ ਪਾਰਟੀ ਨੇ ਪੰਜਾਬ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਵੀਰਵਾਰ ਸ਼ਾਮ ਨੂੰ ਕੇਂਦਰੀ ਚੋਣ ਕਮੇਟੀ (CEC) ਦੀ ਪਹਿਲੀ ਮੀਟਿੰਗ ਬੁਲਾਈ। ਪਾਰਟੀ ਦੀ ਇਸ ਸੀਈਸੀ ਮੀਟਿੰਗ ਤੋਂ ਪਹਿਲਾਂ ਉਮੀਦਵਾਰਾਂ ਦੇ ਨਾਵਾਂ ਦੀ ਚੋਣ ਨੂੰ ਲੈ ਕੇ ਪੰਜਾਬ ਕਾਂਗਰਸ ਦੀ ਸਕਰੀਨਿੰਗ ਕਮੇਟੀ ਦੀਆਂ 4 ਗੇੜਾਂ ਦੀ ਮੀਟਿੰਗ ਦਿੱਲੀ ਵਿੱਚ ਹੋ ਚੁੱਕੀ ਹੈ। ਇਸ ਕਮੇਟੀ ਦੇ ਚੇਅਰਮੈਨ ਅਜੇ ਮਾਕਨ ਨੇ ਪੰਜਾਬ ਇੰਚਾਰਜ ਹਰੀਸ਼ ਚੌਧਰੀ, ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਅਤੇ ਪ੍ਰਚਾਰ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ ਸਮੇਤ ਕਈ ਹੋਰ ਆਗੂਆਂ ਨਾਲ ਵਿਚਾਰ-ਵਟਾਂਦਰਾ ਕਰਨ ਤੋਂ ਬਾਅਦ ਕਰੀਬ 78 ਉਮੀਦਵਾਰਾਂ ਦੇ ਨਾਵਾਂ 'ਤੇ ਸਹਿਮਤੀ ਬਣਨ ਤੋਂ ਬਾਅਦ ਇਸ ਨੂੰ ਕੇਂਦਰੀ ਚੋਣ ਕਮੇਟੀ ਨੂੰ ਸੌਂਪਿਆ ਗਿਆ।


ਪੰਜਾਬ ਕਾਂਗਰਸ ਦੇ 9 ਵਿਧਾਇਕਾਂ ਦਾ ਪਤਾ ਸਾਫ ਹੋਣਾ ਤੈਅ


ਫਿਲਹਾਲ ਵੀਰਵਾਰ ਨੂੰ ਹੋਈ ਇਸ ਬੈਠਕ 'ਚ ਕਰੀਬ 78 ਉਮੀਦਵਾਰਾਂ ਦੇ ਨਾਵਾਂ 'ਤੇ ਚਰਚਾ ਹੋਈ। ਸੂਤਰਾਂ ਮੁਤਾਬਕ ਵੀਰਵਾਰ ਨੂੰ ਸੀਈਸੀ ਵੱਲੋਂ ਕਰੀਬ 50 ਤੋਂ 55 ਨਾਵਾਂ ਨੂੰ ਅੰਤਿਮ ਰੂਪ ਦਿੱਤਾ ਗਿਆ। ਉਮੀਦ ਹੈ ਕਿ ਪਾਰਟੀ ਅਗਲੇ ਕੁਝ ਦਿਨਾਂ 'ਚ 50 ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕਰ ਦੇਵੇਗੀ।


ਖਾਸ ਗੱਲ ਇਹ ਹੈ ਕਿ ਇਸ ਵਾਰ ਚੋਣਾਂ 'ਚ ਪੰਜਾਬ ਕਾਂਗਰਸ ਦੇ 9 ਮੌਜੂਦਾ ਵਿਧਾਇਕਾਂ ਦੇ ਨਾਂ ਕੱਟੇ ਜਾ ਸਕਦੇ ਹਨ। ਦੂਜੇ ਪਾਸੇ ਸਕਰੀਨਿੰਗ ਕਮੇਟੀ ਦੇ ਚੇਅਰਮੈਨ ਅਜੇ ਮਾਕਨ ਪਹਿਲਾਂ ਹੀ ਸਪੱਸ਼ਟ ਕਰ ਚੁੱਕੇ ਹਨ ਕਿ ਪੰਜਾਬ ਵਿੱਚ ਇੱਕ ਪਰਿਵਾਰ ਚੋਂ ਸਿਰਫ਼ ਇੱਕ ਮੈਂਬਰ ਨੂੰ ਹੀ ਪਾਰਟੀ ਦਾ ਉਮੀਦਵਾਰ ਬਣਾਇਆ ਜਾਵੇਗਾ। ਪਾਰਟੀ ਇਸ ਦੀ ਸਖ਼ਤੀ ਨਾਲ ਪਾਲਣਾ ਕਰੇਗੀ।


ਦੋ ਸੀਟਾਂ 'ਤੇ ਚੋਣ ਲੜ ਸਕਦੇ ਹਨ ਚੰਨੀ


ਦੂਜੇ ਪਾਸੇ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਇਸ ਵਾਰ ਦੋ ਸੀਟਾਂ ਤੋਂ ਚੋਣ ਲੜ ਸਕਦੇ ਹਨ। ਸੂਤਰਾਂ ਦੀ ਮੰਨੀਏ ਤਾਂ ਇਸ ਵਾਰ ਮੁੱਖ ਮੰਤਰੀ ਚੰਨੀ ਆਪਣੀ ਮੌਜੂਦਾ ਸੀਟ ਚਮਕੌਰ ਸਾਹਿਬ ਤੋਂ ਅਤੇ ਜਲੰਧਰ ਦੇ ‘ਆਦਮਪੁਰ’ ਤੋਂ ਵੀ ਚੋਣ ਲੜ ਸਕਦੇ ਹਨ।


ਇਸ ਵਾਰ ਕਾਂਗਰਸ ਪਾਰਟੀ 68 ਦੇ ਕਰੀਬ ਮੌਜੂਦਾ ਵਿਧਾਇਕਾਂ ਨੂੰ ਟਿਕਟਾਂ ਦੇ ਕੇ ਮੈਦਾਨ ਵਿੱਚ ਉਤਾਰਨ ਦੀ ਤਿਆਰੀ ਕਰ ਰਹੀ ਹੈ। ਇਨ੍ਹਾਂ ਚੋਂ 10 ਅਜਿਹੇ ਵਿਧਾਇਕਾਂ ਦੀ ਪਛਾਣ ਕੀਤੀ ਗਈ ਹੈ, ਜਿਨ੍ਹਾਂ ਦੀ ਟਿਕਟ 'ਤੇ ਸਸਪੈਂਸ ਹੈ। ਇਸ ਦੇ ਨਾਲ ਹੀ 9 ਵਿਧਾਇਕਾਂ ਦੀ ਟਿਕਟ ਕੱਟਣੀ ਲਗਪਗ ਤੈਅ ਮੰਨੀ ਜਾ ਰਹੀ ਹੈ। ਉਮੀਦ ਹੈ ਕਿ ਅਗਲੇ ਕੁਝ ਦਿਨਾਂ ਵਿੱਚ ਪੰਜਾਬ ਬਾਰੇ ਕਾਂਗਰਸ ਪਾਰਟੀ ਵੱਲੋਂ ਕੇਂਦਰੀ ਚੋਣ ਕਮੇਟੀ ਦੀ ਸਹਿਮਤੀ ਤੋਂ ਬਾਅਦ ਪਹਿਲੀ ਸੂਚੀ ਜਾਰੀ ਕਰ ਦਿੱਤੀ ਜਾਵੇਗੀ।



ਇਹ ਵੀ ਪੜ੍ਹੋ: India Weather Update: ਉੱਤਰੀ ਭਾਰਤ 'ਚ ਸੰਘਣੀ ਧੁੰਦ ਦੀ ਸੰਭਾਵਨਾ, ਇਨ੍ਹਾਂ ਸੂਬਿਆਂ ਵਿੱਚ ਮੀਂਹ ਅਤੇ ਬਰਫ਼ਬਾਰੀ ਦੀ ਸੰਭਾਵਨਾ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904