ਚੰਡੀਗੜ੍ਹ: ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮੰਗਲਵਾਰ ਨੂੰ ਕਾਂਗਰਸ ਤੋਂ ਰਸਮੀ ਤੌਰ ’ਤੇ ਅਸਤੀਫ਼ਾ ਦੇ ਕੇ ਨਵੀਂ ਪਾਰਟੀ ਦਾ ਐਲਾਨ ਕਰ ਦਿੱਤਾ ਹੈ। ਹੁਣ ਕੈਪਟਨ ਅਮਰਿੰਦਰ ਸਿੰਘ ਨਵੀਂ ਪਾਰਟੀ ‘ਪੰਜਾਬ ਲੋਕ ਕਾਂਗਰਸ’ ਨਾਲ ਆਪਣੀ ਅਗਲੀ ਸਿਆਸੀ ਪਾਰੀ ਖੇਡਣਗੇ। ਇਸ ਵਾਰ ਕੈਪਟਨ ਅਮਰਿੰਦਰ ਖੇਤੀ ਕਾਨੂੰਨਾਂ ਨੂੰ ਲੈ ਕੇ ਕੇਂਦਰ ਸਰਕਾਰ ਤੇ ਕਿਸਾਨ ਧਿਰਾਂ ਵਿਚਾਲੇ ਵਿਚੋਲਗੀ ਕਰਕੇ ਇਸ ਦਾ ਸਿਆਸੀ ਲਾਹਾ ਲੈਣ ਦੇ ਰੌਂਅ ਵਿੱਚ ਹਨ।


ਸਿਆਸੀ ਮਾਹਿਰਾਂ ਦਾ ਮੰਨਣਾ ਹੈ ਕਿ ਪੰਜਾਬ ਦੇ ਮੌਜੂਦਾ ਹਾਲਾਤ ਵਿੱਚ ਕੈਪਟਨ ਦਾ ਮੁੜ ਉਭਰਣਾ ਸੌਖਾ ਨਹੀਂ ਹੋਏਗਾ। ਕਿਸੇ ਵੇਲੇ ‘ਪਾਣੀਆਂ ਦਾ ਰਾਖਾ’ ਕਰਾਰ ਦਿੱਤੇ ਗਏ ਕੈਪਟਨ ਦੇ ਅਕਸ ਨੂੰ ਵੱਡੀ ਢਾਅ ਲੱਗੀ ਹੈ। ਪਿਛਲੇ ਸਾਢੇ ਚਾਰ ਸਾਲ ਉਨ੍ਹਾਂ ਉੱਪਰ ਬਾਦਲ ਪਰਿਵਾਰ ਤੇ ਬੀਜੇਪੀ ਨਾਲ ਮਿਲੇ ਹੋਣ ਦੇ ਇਲਜ਼ਾਮ ਲੱਗਦੇ ਰਹੇ। ਹੁਣ ਉਨ੍ਹਾਂ ਵੱਲੋਂ ਬੀਜੇਪੀ ਨਾਲ ਮਿਲ ਕੇ ਚੋਣ ਲੜਨ ਦਾ ਐਲਾਨ ਕਰਨ ਮਗਰੋਂ ਇਹ ਧਾਰਨਾ ਹੋਰ ਪੱਕੀ ਹੋ ਗਈ ਹੈ।


ਦਰਅਸਲ ਕੈਪਟਨ ਦੀ ਸਿਆਸੀ ਦਿੱਖ ਨੂੰ ਉਦੋਂ ਸੱਟ ਵੱਜੀ ਜਦੋਂ ਉਨ੍ਹਾਂ ’ਤੇ ਬਾਦਲਾਂ ਨਾਲ ਮਿਲੀਭੁਗਤ ਦੇ ਦੋਸ਼ ਲੱਗੇ। ਉਹ ਸਾਢੇ ਚਾਰ ਸਾਲ ਪੰਜਾਬ ਦੇ ਲੋਕਾਂ ਵਿੱਚੋਂ ਗ਼ਾਇਬ ਰਹੇ। ਸ੍ਰੀ ਗੁਟਕਾ ਸਾਹਿਬ ਦੀ ਸਹੁੰ ’ਤੇ ਪੂਰਾ ਨਾ ਉੱਤਰਨ ਕਰਕੇ ਵੀ ਉਨ੍ਹਾਂ ਦੇ ਸਿਆਸੀ ਗਰਾਫ਼ ’ਚ ਨਿਘਾਰ ਆਇਆ। ਹੁਣ ਜਦੋਂ ਅਮਰਿੰਦਰ ਨੇ ਭਾਜਪਾ ਨਾਲ ਨੇੜਤਾ ਵਿਖਾਉਣੀ ਸ਼ੁਰੂ ਕੀਤੀ ਤਾਂ ਉਨ੍ਹਾਂ ਦੇ ਸਿਆਸੀ ਕੱਦ ਨੂੰ ਵੱਡਾ ਝਟਕਾ ਲੱਗਿਆ। ਪਾਣੀਆਂ ਦੇ ਸਮਝੌਤੇ ਰੱਦ ਕਰਨ ਮਗਰੋਂ ਉਨ੍ਹਾਂ ਨੂੰ ਲੋਕਾਂ ਨੇ ‘ਪਾਣੀਆਂ ਦਾ ਰਾਖਾ’ ਹੋਣ ਦਾ ਖ਼ਿਤਾਬ ਦਿੱਤਾ ਸੀ। ਅਰੁਣ ਜੇਤਲੀ ਨੂੰ ਹਰਾਉਣ ਪਿੱਛੋਂ ਵੀ ਉਨ੍ਹਾਂ ਦਾ ਸਿਆਸੀ ਕੱਦ ਉੱਚਾ ਹੋਇਆ ਸੀ। ਉਮਰ ਦੇ ਆਖ਼ਰੀ ਪੜਾਅ ’ਚ ਉਨ੍ਹਾਂ ਦੀ ਛਵੀ ਪਲੀਤ ਹੋਈ ਹੈ।


ਕੈਪਟਨ ਦਾ ਪਿਛੋਕੜ ਵੀ ਉਨ੍ਹਾਂ ਲਈ ਬਿਪਤਾ ਬਣ ਰਿਹਾ ਹੈ। ਉਨ੍ਹਾਂ ਦਾ ਆਪਣੇ ਸਿਆਸੀ ਜੀਵਨ ’ਚ ਇਹ ਚੌਥਾ ਅਸਤੀਫ਼ਾ ਹੈ। ਸਭ ਤੋਂ ਪਹਿਲਾਂ ਉਨ੍ਹਾਂ ਅਪਰੇਸ਼ਨ ਬਲੂ ਸਟਾਰ ਦੇ ਰੋਸ ਵਜੋਂ 1984 ’ਚ ਲੋਕ ਸਭਾ ਦੀ ਮੈਂਬਰੀ ਤੇ ਕਾਂਗਰਸ ਤੋਂ ਅਸਤੀਫ਼ਾ ਦਿੱਤਾ ਸੀ। ਉਹ ਅਕਾਲੀ ਦਲ ਵਿੱਚ ਸ਼ਾਮਲ ਹੋਏ ਪਰ ਫਿਰ ਨਵੀਂ ਪਾਰਟੀ ਬਣਾ ਲਈ। ਉਨ੍ਹਾਂ ਨੇ ਦੂਜੀ ਦਫ਼ਾ 1988 ਵਿੱਚ ਬਰਨਾਲਾ ਵਜ਼ਾਰਤ ’ਚੋਂ ‘ਬਲੈਕ ਥੰਡਰ’ ਦੇ ਵਿਰੋਧ ਵਿਚ ਬਤੌਰ ਖੇਤੀ ਤੇ ਪੇਂਡੂ ਵਿਕਾਸ ਮੰਤਰੀ ਅਸਤੀਫ਼ਾ ਦਿੱਤਾ। ਤੀਜਾ ਅਸਤੀਫ਼ਾ 23 ਨਵੰਬਰ 2016 ਨੂੰ ਲੋਕ ਸਭਾ ਦੀ ਮੈਂਬਰੀ ਤੋਂ ਦਿੱਤਾ।


ਦੱਸ ਦਈਏ ਕਿ ਕੈਪਟਨ ਨੇ 18 ਸਤੰਬਰ ਨੂੰ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਦਿੱਤਾ ਸੀ ਤੇ ਉਦੋਂ ਤੋਂ ਹੀ ਉਹ ਕਾਂਗਰਸ ਤੋਂ ਖ਼ਫ਼ਾ ਚਲੇ ਆ ਰਹੇ ਸਨ। ਸਾਬਕਾ ਮੁੱਖ ਮੰਤਰੀ ਨੇ 28 ਅਕਤੂਬਰ ਨੂੰ ਨਵੀਂ ਸਿਆਸੀ ਪਾਰਟੀ ਬਣਾਉਣ ਦਾ ਐਲਾਨ ਕੀਤਾ ਸੀ। ਮੁੱਖ ਮੰਤਰੀ ਦੀ ਕੁਰਸੀ ਤੋਂ ਲਾਂਭੇ ਹੋਣ ਤੇ ਭਾਜਪਾ ਲੀਡਰਸ਼ਿਪ ਨਾਲ ਕੀਤੀਆਂ ਸਿਆਸੀ ਮਿਲਣੀਆਂ ਪਿੱਛੋਂ ਅਮਰਿੰਦਰ ਸਿੰਘ ਨੇ ਨਵੀਂ ਪਾਰਟੀ ਬਣਾਉਣ ਦਾ ਇਸ਼ਾਰਾ ਕੀਤਾ ਸੀ।


ਇਹ ਵੀ ਪੜ੍ਹੋ: Apple ਨੂੰ ਪਛਾੜ ਕੇ Samsung ਬਣਿਆ ਦੁਨੀਆਂ ਦਾ ਨੰਬਰ-1 ਸਮਾਰਟਫੋਨ ਬ੍ਰਾਂਡ, ਜਾਣੋ ਹੋਰ ਕੰਪਨੀਆਂ ਦੀ ਰੈਂਕਿੰਗ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904