Punjab Elections 2022: ਪੰਜਾਬ ਦੀ ਅੰਮ੍ਰਿਤਸਰ ਪੂਰਬੀ ਵਿਧਾਨ ਸਭਾ ਸੀਟ ਸੂਬੇ ਦੀ ਸਭ ਤੋਂ ਚਰਚਿਤ ਸੀਟ ਬਣ ਚੁੱਕੀ ਹੈ ਕਿਉਂਕਿ ਸੂਬੇ ਦੇ ਦੋ ਦਿੱਗਜ ਆਗੂ ਇਸ ਸੀਟ 'ਤੇ ਆਹਮੋ-ਸਾਹਮਣੇ ਹਨ। ਕਾਂਗਰਸ ਦੇ ਸੂਬਾ ਪ੍ਰਧਾਨ ਨਵਜੋਤ ਸਿੱਧੂ ਨੂੰ ਚੁਣੌਤੀ ਦੇਣ ਲਈ ਅਕਾਲੀ ਦਲ ਨੇ ਬਿਕਰਮ ਮਜੀਠੀਆ ਨੂੰ ਮੈਦਾਨ ਵਿੱਚ ਉਤਾਰ ਦਿੱਤਾ ਹੈ। ਇਹ ਚੋਣ ਲੜਾਈ ਇਨ੍ਹਾਂ ਦੋਵਾਂ ਆਗੂਆਂ ਲਈ ਕਈ ਮਾਇਨਿਆਂ ਤੋਂ ਅਹਿਮ ਹੋਣ ਵਾਲੀ ਹੈ। ਸਿੱਧੂ ਜਾਂ ਮਜੀਠੀਆ, ਜੋ ਵੀ ਚੋਣ ਹਾਰਦਾ ਹੈ, ਉਸ ਦੀ ਇਹ ਪਹਿਲੀ ਸਿਆਸੀ ਹਾਰ ਹੋਵੇਗੀ ਕਿਓਂਕਿ ਇੱਕ ਦਾ ਹਾਰਨਾ ਤਾਂ ਤੈਅ ਹੈ।



ਸਿੱਧੂ ਤੇ ਮਜੀਠੀਆ ਕਿਸੇ ਸਮੇਂ ਇੱਕ-ਦੂਜੇ ਦੇ ਕਰੀਬ ਨਜ਼ਰ ਆਉਂਦੇ ਸਨ, ਪਰ ਜਦੋਂ ਕੇਂਦਰ ਵਿੱਚ ਅਕਾਲੀ ਦਲ ਦੀ ਸਰਕਾਰ ਸੀ ਤਾਂ ਦੋਵਾਂ ਵਿੱਚ ਦੂਰੀ ਵਧਣ ਲੱਗੀ। ਉਦੋਂ ਤੋਂ ਲੈ ਕੇ ਹੁਣ ਤੱਕ ਦੋਵਾਂ ਨੇ ਨਾ ਸਿਰਫ ਇੱਕ-ਦੂਜੇ 'ਤੇ ਤਿੱਖੇ ਬਿਆਨਬਾਜ਼ੀ ਕੀਤੀ ਹੈ ਸਗੋਂ ਪੰਜਾਬ ਵਿਧਾਨ ਸਭਾ 'ਚ ਕਈ ਵਾਰ ਝੜਪ ਵੀ ਹੋ ਚੁੱਕੀ ਹੈ। ਸਿੱਧੂ ਨੇ ਮਜੀਠੀਆ 'ਤੇ ਨਸ਼ਿਆਂ ਦੀ ਤਸਕਰੀ ਦੇ ਦੋਸ਼ ਲਾਏ ਹਨ ਤੇ ਉਨ੍ਹਾਂ ਖਿਲਾਫ ਕਾਰਵਾਈ ਲਈ ਮੁਹਿੰਮ ਵਿੱਢੀ ਹੋਈ ਹੈ।

ਬਿਕਰਮ ਮਜੀਠੀਆ 'ਮਾਝੇ ਦਾ ਜਰਨੈਲ'
ਬਿਕਰਮ ਮਜੀਠੀਆ ਨੂੰ ਅਕਾਲੀਆਂ ਵੱਲੋਂ 'ਮਾਝੇ ਦਾ ਜਰਨੈਲ' ਕਿਹਾ ਜਾਂਦਾ ਹੈ। ਡਰੱਗਜ਼ ਮਾਮਲੇ ਦਾ ਸਾਹਮਣਾ ਕਰ ਰਹੇ ਮਜੀਠੀਆ ਨੂੰ ਹਾਲਾਂਕਿ ਅੱਜ ਸੁਪਰੀਮ ਕੋਰਟ ਨੇ 31 ਜਨਵਰੀ ਤੱਕ ਗ੍ਰਿਫਤਾਰੀ 'ਤੇ ਰੋਕ ਲਗਾ ਕੇ ਰਾਹਤ ਦਿੱਤੀ ਹੈ ਜਿਸ ਦੌਰਾਨ ਉਹ ਨਾਮਜ਼ਦਗੀ ਭਰ ਸਕਦੇ ਹਨ ਪਰ ਅਜੇ ਵੀ ਗ੍ਰਿਫਤਾਰੀ ਦੀ ਤਲਵਾਰ ਲਟਕ ਰਹੀ ਹੈ।

ਬਿਕਰਮ ਮਜੀਠੀਆ ਦੋ ਸੀਟਾਂ ਤੋਂ ਲੜ ਰਹੇ ਚੋਣ
ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਬਿਕਰਮ ਮਜੀਠੀਆ ਦੋ ਸੀਟਾਂ ਤੋਂ ਆਪਣੀ ਕਿਸਮਤ ਅਜ਼ਮਾ ਰਹੇ ਹਨ। ਉਹ ਅੰਮ੍ਰਿਤਸਰ ਪੂਰਬੀ ਦੇ ਨਾਲ-ਨਾਲ ਆਪਣੀ ਪੁਰਾਣੀ ਸੀਟ ਮਜੀਠਾ ਤੋਂ ਵੀ ਚੋਣ ਲੜ ਰਹੇ ਹਨ। ਮਜੀਠੀਆ ਇਸ ਸੀਟ ਤੋਂ ਲਗਾਤਾਰ ਤਿੰਨ ਵਾਰ ਵਿਧਾਨ ਸਭਾ ਚੋਣਾਂ ਜਿੱਤਦੇ ਰਹੇ ਹਨ।

ਸਿੱਧੂ ਵੀ ਅੱਜ ਤੱਕ ਨਹੀਂ ਹਾਰੇ ਕੋਈ ਚੋਣ
ਨਵਜੋਤ ਸਿੰਘ ਸਿੱਧੂ ਸਾਲ 2004 ਵਿੱਚ ਸਿਆਸਤ ਵਿੱਚ ਆਏ ਅਤੇ ਦਬਦਬਾ ਕਾਇਮ ਕੀਤਾ। ਉਨ੍ਹਾਂ ਅੰਮ੍ਰਿਤਸਰ ਤੋਂ ਪਹਿਲੀ ਵਾਰ ਲੋਕ ਸਭਾ ਚੋਣ ਲੜੀ ਅਤੇ ਕਾਂਗਰਸ ਦੇ ਆਰ.ਐੱਲ.ਭਾਟੀਆ ਨੂੰ 90 ਹਜ਼ਾਰ ਵੋਟਾਂ ਨਾਲ ਹਰਾਇਆ। 2009 ਦੀਆਂ ਲੋਕ ਸਭਾ ਚੋਣਾਂ ਵਿੱਚ ਉਹ ਫਿਰ ਜਿੱਤੇ ਪਰ 2014 ਵਿੱਚ ਭਾਜਪਾ ਨੇ ਉਨ੍ਹਾਂ ਦੀ ਟਿਕਟ ਕੱਟ ਦਿੱਤੀ ਹਾਲਾਂਕਿ ਪਾਰਟੀ ਨੇ ਉਨ੍ਹਾਂ ਨੂੰ ਰਾਜ ਸਭਾ ਰਾਹੀਂ ਸੰਸਦ ਭੇਜਿਆ ਸੀ।

ਸਿੱਧੂ 2017 ਵਿੱਚ ਕਾਂਗਰਸ ਵਿੱਚ ਸ਼ਾਮਲ ਹੋਏ ਸਨ ਅਤੇ ਅੰਮ੍ਰਿਤਸਰ ਪੂਰਬੀ ਤੋਂ ਵਿਧਾਨ ਸਭਾ ਚੋਣ ਲੜੀ। ਉਨ੍ਹਾਂ ਨੂੰ 60 ਹਜ਼ਾਰ 477 ਵੋਟਾਂ ਮਿਲੀਆਂ। ਉਨ੍ਹਾਂ ਨੇ ਅਕਾਲੀ-ਭਾਜਪਾ ਗਠਜੋੜ ਦੇ ਉਮੀਦਵਾਰ ਰਾਜੇਸ਼ ਕੁਮਾਰ ਹਨੀ ਨੂੰ 42 ਹਜ਼ਾਰ 809 ਵੋਟਾਂ ਨਾਲ ਹਰਾਇਆ। ਹਨੀ ਨੂੰ ਸਿਰਫ਼ 17,668 ਵੋਟਾਂ ਮਿਲੀਆਂ। ਤੀਜੇ ਨੰਬਰ 'ਤੇ ਆਮ ਆਦਮੀ ਪਾਰਟੀ ਦੇ ਸਰਬਜੋਤ ਧੰਜਲ ਰਹੇ ਸਨ, ਜਿਨ੍ਹਾਂ ਨੂੰ 14 ਹਜ਼ਾਰ 715 ਵੋਟਾਂ ਮਿਲੀਆਂ। ਯਾਨੀ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਅੱਜ ਤੱਕ ਕੋਈ ਚੋਣ ਨਹੀਂ ਹਾਰੇ ਹਨ।



ਇਹ ਵੀ ਪੜ੍ਹੋੋ: -ਬਿਕਰਮ ਮਜੀਠੀਆ ਨੂੰ ਸੁਪਰੀਮ ਕੋਰਟ ਤੋਂ ਵੱਡੀ ਰਾਹਤ, 31 ਜਨਵਰੀ ਤੱਕ ਨਹੀਂ ਹੋਏਗੀ ਗ੍ਰਿਫਤਾਰੀ

ਜਿੱਤਣ ਵਾਲੇ ਦਾ ਵਧੇਗਾ ਸਿਆਸੀ ਕੱਦ
ਇਹ ਤੈਅ ਹੈ ਕਿ ਜੋ ਵੀ ਅੰਮ੍ਰਿਤਸਰ ਪੂਰਬੀ ਤੋਂ ਚੋਣ ਜਿੱਤੇਗਾ, ਉਸ ਆਗੂ ਦਾ ਪਾਰਟੀ ਅਤੇ ਪੰਜਾਬ ਦੀ ਸਿਆਸਤ ਵਿੱਚ ਸਿਆਸੀ ਕੱਦ ਹੋਰ ਵਧੇਗਾ। ਬਿਕਰਮ ਮਜੀਠੀਆ ਦੀ ਐਂਟਰੀ ਨਵਜੋਤ ਸਿੱਧੂ ਲਈ ਵੱਡਾ ਖਤਰਾ ਹੈ। ਸਿੱਧੂ ਇਸ ਅੰਮ੍ਰਿਤਸਰ ਪੂਰਬੀ ਤੋਂ ਹੀ ਚੋਣ ਲੜ ਰਹੇ ਹਨ। ਜੇਕਰ ਸਿੱਧੂ ਹਾਰ ਜਾਂਦੇ ਹਨ ਤਾਂ ਉਨ੍ਹਾਂ ਦੇ ਸਿਆਸੀ ਜੀਵਨ ਲਈ ਵੱਡਾ ਸੰਕਟ ਖੜ੍ਹਾ ਹੋ ਜਾਵੇਗਾ। ਸਿੱਧੂ ਲਗਾਤਾਰ ਮੁੱਖ ਮੰਤਰੀ ਦੇ ਅਹੁਦੇ ਲਈ ਦਾਅਵਾ ਪੇਸ਼ ਕਰ ਰਹੇ ਹਨ। ਜੇਕਰ ਉਹ ਹਾਰਦੇ ਹਨ ਤਾਂ ਉਹਨਾਂ ਦਾ ਦਾਅਵਾ ਵੀ ਖਤਮ ਹੋ ਜਾਵੇਗਾ। ਹੁਣ ਤਾਂ ਚੋਣ ਨਤੀਜਿਆਂ ਦਾ ਦਿਨ ਹੀ ਦੱਸੇਗਾ ਕਿ ਕਿਹੜਾ ਦਿੱਗਜ ਆਗੂ ਝੰਡੇ ਗੱਡੇਗਾ।


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904