ਚੰਡੀਗੜ੍ਹ: ਪੰਜਾਬ ਵਿਧਾਨ ਸਭਾ ਚੋਣਾਂ ਵਾਸਤੇ ਆਮ ਆਦਮੀ ਪਾਰਟੀ ਵੱਲੋਂ ਮੁੱਖ ਮੰਤਰੀ ਲਈ ਭਗਵੰਤ ਮਾਨ ਨੂੰ ਉਮੀਦਵਾਰ ਐਲਾਨੇ ਜਾਣ ਤੋਂ ਕਾਂਗਰਸ ਦੇ ਸ਼੍ਰੋਮਣੀ ਅਕਾਲੀ ਦਲ ਔਖੇ ਨਜ਼ਰ ਆ ਰਹੇ ਹਨ। ਇਸ ਦੇ ਨਾਲ ਹੀ ਬੀਜੇਪੀ ਨੇ ਵੀ ਤਿੱਖੀ ਅਲੋਚਨਾ ਕੀਤੀ ਹੈ। ਵਿਰੋਧੀ ਪਾਰਟੀਆਂ ਭਗਵੰਤ ਮਾਨ ਨੂੰ ਅਨਾੜੀ ਕਹਿ ਕੇ ਭੰਡ ਰਹੀਆਂ ਹਨ। ਇਸ ਬਾਰੇ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੱਧੂ ਨੇ ਕਿਹਾ ਹੈ ਕਿ ‘ਆਪ’ ਨੂੰ ਲਾੜਾ ਤਾਂ ਮਿਲ ਗਿਆ ਹੈ ਪਰ ਵਿਆਹ ਕਰਨਾ ਜਾਂ ਨਹੀਂ, ਇਹ ਫ਼ੈਸਲਾ ਪੰਜਾਬ ਦੇ ਲੋਕ ਕਰਨਗੇ। ਉਨ੍ਹਾਂ ਕਿਹਾ ਕਿ ਫਿਲਹਾਲ ‘ਦਿੱਲੀ ਬੜੀ ਦੂਰ ਹੈ’। ਉਂਝ ਸਿੱਧੂ ਨੇ ਭਗਵੰਤ ਮਾਨ ਨੂੰ ਮੁੱਖ ਮੰਤਰੀ ਦਾ ਉਮੀਦਵਾਰ ਬਣਾਏ ਜਾਣ ’ਤੇ ਵਧਾਈ ਵੀ ਦਿੱਤੀ ਹੈ। ਉਧਰ, ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੇ ਭਾਵੇਂ ਭਗਵੰਤ ਮਾਨ ਨੂੰ ਮੁੱਖ ਮੰਤਰੀ ਦਾ ਚਿਹਰਾ ਐਲਾਨਿਆ ਹੈ ਪਰ ਉਹ ਇੱਕ ਡੰਮੀ ਚਿਹਰੇ ਵਜੋਂ ਵਿਚਰਨਗੇ, ਅਸਲ ਤਾਕਤ ਅਰਵਿੰਦ ਕੇਜਰੀਵਾਲ ਦੇ ਹੱਥਾਂ ਵਿੱਚ ਰਹੇਗੀ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ‘ਇੱਕ ਮੌਕਾ ਕੇਜਰੀਵਾਲ ਨੂੰ’ ਦੇ ਨਾਅਰੇ ਹੇਠ ਪੰਜਾਬ ਚੋਣਾਂ ਲਈ ਮੁਹਿੰਮ ਚਲਾ ਰਹੀ ਹੈ। ਹੁਣ ਜਦੋਂ ਪਾਰਟੀ ਨੇ ਆਪਣਾ ਨਾਅਰਾ ‘ਇੱਕ ਮੌਕਾ ਭਗਵੰਤ ਮਾਨ ਨੂੰ’ ਕਰ ਦਿੱਤਾ ਹੈ ਤਾਂ ਕੀ ਉਹ ਸੂਬੇ ਭਰ ਵਿੱਚ ਲੱਗੇ ਆਪਣੇ ਬੋਰਡ ਲਾਹ ਦੇਣਗੇ? ਉਨ੍ਹਾਂ ਕਿਹਾ ਕਿ ਅਜਿਹਾ ਨਹੀਂ ਹੋਣ ਵਾਲਾ ਕਿਉਂਕਿ ਕੇਜਰੀਵਾਲ ਹੀ ਪੰਜਾਬ ਵਿੱਚ ਪਾਰਟੀ ਦਾ ਅਸਲ ਚਿਹਰਾ ਹਨ। ਸੁਖਬੀਰ ਨੇ ਕਿਹਾ ਕਿ ‘ਆਪ’ ਨੇ ਭਗਵੰਤ ਮਾਨ ਨੂੰ ਮੁੱਖ ਮੰਤਰੀ ਦੇ ਅਹੁਦੇ ਲਈ ਉਮੀਦਵਾਰ ਬਣਾ ਕੇ ਬਹੁਤ ਵੱਡੀ ਗਲਤੀ ਕੀਤੀ ਹੈ। ਉਹ ਸੂਬੇ ਦੀ ਅਗਵਾਈ ਕਰਨ ਦੇ ਯੋਗ ਹੀ ਨਹੀਂ। ਉਨ੍ਹਾਂ ਕਿਹਾ ਕਿ ਪੰਜਾਬੀ ਕਦੇ ਵੀ ਉਨ੍ਹਾਂ ਦੀ ਲੀਡਰਸ਼ਿਪ ’ਤੇ ਭਰੋਸਾ ਨਹੀਂ ਪ੍ਰਗਟਾ ਸਕਦੇ। ਉਧਰ, ਭਰਤੀ ਜਨਤਾ ਪਾਰਟੀ (ਭਾਜਪਾ) ਨੇ ਭਗਵੰਤ ਮਾਨ ਨੂੰ ਮੁੱਖ ਮੰਤਰੀ ਅਹੁਦੇ ਦਾ ਉਮੀਦਵਾਰ ਬਣਾਏ ਜਾਣ ’ਤੇ ਆਮ ਆਦਮੀ ਪਾਰਟੀ (ਆਪ) ਦੀ ਆਲੋਚਨਾ ਕਰਦਿਆਂ ਕਿਹਾ ਕਿ ਇਸ ਐਲਾਨ ਨਾਲ ਸੂਬੇ ਦੀ ਮੁੱਖ ਵਿਰੋਧੀ ਪਾਰਟੀ ਨੇ ਵੀ ਆਪਣੀ ‘ਸ਼ਰਾਬ ਨੀਤੀ’ ਦਾ ਐਲਾਨ ਕਰ ਦਿੱਤਾ ਹੈ। ਭਾਜਪਾ ਦੇ ਜਨਰਲ ਸਕੱਤਰ ਤਰੁਣ ਚੁੱਘ ਨੇ ਟਵੀਟ ਦੀ ਲੜੀ ਵਿੱਚ ਕਿਹਾ ਕਿ ਮੁੱਖ ਮੰਤਰੀ ਦਾ ਫੈਸਲਾ ਜਨਤਾ ਦੀਆਂ ਵੋਟਾਂ ਨਾਲ ਹੁੰਦਾ ਹੈ, ਨਾ ਕਿ ਮਿਸਡ ਕਾਲਾਂ ਰਾਹੀਂ।
ਭਗਵੰਤ ਮਾਨ ਨੂੰ ਮੁੱਖ ਮੰਤਰੀ ਉਮੀਦਵਾਰ ਬਣਾਉਣ ਤੋਂ ਕਾਂਗਰਸ, ਅਕਾਲੀ ਦਲ ਤੇ ਬੀਜੇਪੀ ਵਾਲੇ ਕਿਉਂ ਔਖੇ? ਨਵਜੋਤ ਸਿੱਧੂ ਤੇ ਸੁਖਬੀਰ ਬਾਦਲ ਨੇ ਕਹੀ ਵੱਡੀ ਗੱਲ
abp sanjha | 19 Jan 2022 12:19 PM (IST)
ਪੰਜਾਬ ਵਿਧਾਨ ਸਭਾ ਚੋਣਾਂ ਵਾਸਤੇ ਆਮ ਆਦਮੀ ਪਾਰਟੀ ਵੱਲੋਂ ਮੁੱਖ ਮੰਤਰੀ ਲਈ ਭਗਵੰਤ ਮਾਨ ਨੂੰ ਉਮੀਦਵਾਰ ਐਲਾਨੇ ਜਾਣ ਤੋਂ ਕਾਂਗਰਸ ਦੇ ਸ਼੍ਰੋਮਣੀ ਅਕਾਲੀ ਦਲ ਔਖੇ ਨਜ਼ਰ ਆ ਰਹੇ ਹਨ।
Bhagwant Mann