ਚੰਡੀਗੜ੍ਹ: ਪੰਜਾਬ 'ਚ ਬਿਜਲੀ ਦਾ ਸੰਕਟ ਡੂੰਘਾ ਹੁੰਦਾ ਜਾ ਰਿਹਾ ਹੈ। ਕੋਲੇ ਦੀ ਕਮੀ ਕਾਰਨ ਬਿਜਲੀ ਉਤਪਾਦਨ ਅੱਧੇ ਤੋਂ ਵੀ ਘੱਟ ਰਹਿ ਗਿਆ ਹੈ। ਸੂਬੇ ਦੇ ਛੇਵੇਂ ਥਰਮਲ ਪਲਾਂਟ ਯੂਨਿਟ ਨੂੰ ਬੰਦ ਕਰਨਾ ਪਿਆ ਹੈ। ਗੋਇੰਦਵਾਲ ਸਾਹਿਬ ਦੀ ਇੱਕ ਇਕਾਈ ਨੂੰ ਐਤਵਾਰ ਨੂੰ ਬੰਦ ਕਰਨਾ ਪਿਆ। ਹਾਲਾਂਕਿ, ਪਹਿਲਾਂ ਬੰਦ ਕੀਤੇ ਗਏ 5 ਯੂਨਿਟਾਂ ਵਿੱਚੋਂ ਇੱਕ ਨੂੰ ਬਾਅਦ ਵਿੱਚ ਚਲਾ ਦਿੱਤਾ ਗਿਆ ਸੀ। ਇਸ ਵੇਲੇ ਪ੍ਰਾਈਵੇਟ ਥਰਮਲ ਪਲਾਂਟਾਂ ਕੋਲ 36 ਘੰਟੇ ਦਾ ਕੋਲਾ ਬਾਕੀ ਹੈ।
ਇਸ ਦੇ ਨਾਲ ਹੀ ਐਤਵਾਰ ਨੂੰ ਸਰਕਾਰੀ ਥਰਮਲ ਪਲਾਂਟਾਂ ਲਈ ਕੋਲੇ ਦੇ 11 ਰੈਕ ਪਹੁੰਚ ਗਏ ਹਨ, ਜਿਨ੍ਹਾਂ ਨੂੰ ਪਲਾਂਟ ਤੱਕ ਪਹੁੰਚਣ ਵਿੱਚ 2 ਤੋਂ 3 ਦਿਨ ਲੱਗਣਗੇ। ਜੋ ਪਲਾਂਟ ਚੱਲ ਰਹੇ ਹਨ, ਉਹ ਅੱਧੀ ਸਮਰੱਥਾ ਨਾਲ ਬਿਜਲੀ ਪੈਦਾ ਕਰ ਰਹੇ ਹਨ। ਇਨ੍ਹਾਂ ਹਾਲਾਤਾਂ ਤੋਂ ਇਹ ਸਪੱਸ਼ਟ ਹੈ ਕਿ ਪੰਜਾਬ ਦੇ ਲੋਕਾਂ ਨੂੰ ਅਜੇ ਵੀ 15 ਅਕਤੂਬਰ ਤੱਕ 4 ਤੋਂ 6 ਘੰਟੇ ਬਿਜਲੀ ਕੱਟਾਂ ਦਾ ਸਾਹਮਣਾ ਕਰਨਾ ਪਵੇਗਾ।
ਪਾਵਰਕਾਮ ਦੇ ਸੀਐਮਡੀ ਏ. ਵੇਣੂਪ੍ਰਸਾਦ ਨੇ ਕਿਹਾ ਕਿ ਲੋੜ ਮੁਤਾਬਕ ਕੋਲਾ ਨਹੀਂ ਆ ਰਿਹਾ। ਸਾਨੂੰ ਕੋਲੇ ਦੇ 22 ਰੈਕ ਚਾਹੀਦੇ ਸੀ ਪਰ ਸਿਰਫ 11 ਮਿਲੇ। ਇਸ ਕਾਰਨ ਬਿਜਲੀ ਦੇ ਉਤਪਾਦਨ ਤੇ ਮੰਗ ਦੇ ਵਿੱਚ ਬਹੁਤ ਵੱਡਾ ਪਾੜਾ ਹੋ ਗਿਆ ਹੈ। ਉਨ੍ਹਾਂ ਉਮੀਦ ਪ੍ਰਗਟ ਕੀਤੀ ਕਿ ਅਗਲੇ 4 ਦਿਨਾਂ ਬਾਅਦ ਬਿਜਲੀ ਦੀ ਸਥਿਤੀ ਵਿੱਚ ਸੁਧਾਰ ਹੋਣਾ ਸ਼ੁਰੂ ਹੋ ਜਾਵੇਗਾ।
ਦੱਸ ਦਈਏ ਕਿ ਸੂਬੇ 'ਚ ਬਿਜਲੀ ਦੀ ਮੰਗ ਲਗਪਗ 8,300 ਮੈਗਾਵਾਟ ਪ੍ਰਤੀ ਦਿਨ ਹੈ। ਇਸ ਵੇਲੇ ਅੱਧੀ ਬਿਜਲੀ ਸਰਕਾਰੀ ਤੇ ਪ੍ਰਾਈਵੇਟ ਥਰਮਲ ਪਲਾਂਟਾਂ ਵਿੱਚ ਪੈਦਾ ਕੀਤੀ ਜਾ ਰਹੀ ਹੈ। ਸਰਕਾਰੀ ਥਰਮਲ ਪਲਾਂਟਾਂ 'ਤੇ ਬਿਜਲੀ ਉਤਪਾਦਨ ਘਟ ਕੇ 1,500 ਮੈਗਾਵਾਟ ਰਹਿ ਗਿਆ ਹੈ। ਇਸ ਤੋਂ ਬਾਅਦ ਪੰਜਾਬ ਸਰਕਾਰ ਹੁਣ ਨੈਸ਼ਨਲ ਗਰਿੱਡ ਤੋਂ 11.60 ਰੁਪਏ ਪ੍ਰਤੀ ਯੂਨਿਟ ਦੇ ਹਿਸਾਬ ਨਾਲ ਬਿਜਲੀ ਖਰੀਦ ਰਿਹਾ ਹੈ। ਐਤਵਾਰ ਨੂੰ ਵੀ 1,800 ਮੈਗਾਵਾਟ ਬਿਜਲੀ ਖਰੀਦੀ ਗਈ। ਇਸ ਦੇ ਬਾਵਜੂਦ ਤਿਉਹਾਰਾਂ ਦੇ ਸੀਜ਼ਨ ਦੌਰਾਨ ਲੋਕਾਂ ਨੂੰ ਬਿਜਲੀ ਕੱਟਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਇਸ ਦੇ ਨਾਲ ਹੀ ਪੰਜਾਬ ਨੂੰ ਤਕਰੀਬਨ 8,300 ਮੈਗਾਵਾਟ ਦੀ ਲੋੜ ਹੈ ਤੇ ਇਸ ਦੇ ਮੁਕਾਬਲੇ ਰਾਜ ਨੂੰ ਸਿਰਫ 3,206 ਮੈਗਾਵਾਟ ਬਿਜਲੀ ਮਿਲੀ ਹੈ। ਅਜਿਹੀ ਸਥਿਤੀ ਵਿੱਚ ਮਹਿੰਗੀ ਬਿਜਲੀ ਬਾਹਰੋਂ ਖਰੀਦੀ ਜਾਣੀ ਹੈ। ਬਿਜਲੀ ਦੀ ਕਮੀ ਕਾਰਨ ਪੂਰੇ ਪੰਜਾਬ ਵਿੱਚ ਕੁਝ ਘੰਟਿਆਂ ਲਈ ਬਲੈਕਆਟ ਦੀ ਸਥਿਤੀ ਬਣੀ ਹੋਈ ਹੈ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/