ਪੰਜਾਬ ਦੇ ਵਿੱਚ ਪਿਛਲੇ ਦਿਨ ਯਾਨੀਕਿ 24 ਅਗਸਤ ਤੋਂ ਹੀ ਲਗਾਤਾਰ ਮੀਂਹ ਪੈ ਰਿਹਾ ਹੈ। ਜਿਸ ਕਰਕੇ ਸੂਬੇ ਦੇ ਕਈ ਇਲਾਕਿਆਂ ਦੇ ਹਾਲਾਤ ਬਹੁਤ ਹੀ ਖਰਾਬ ਨਜ਼ਰ ਆ ਰਹੇ ਹਨ। ਸੜਕਾਂ ਤੋਂ ਲੈ ਕੇ ਗਲੀਆਂ ਤੱਕ ਗੋਢੇ-ਗੋਢੇ ਪਾਣੀ ਚੜ੍ਹਿਆ ਹੋਇਆ ਨਜ਼ਰ ਆ ਰਿਹਾ ਹੈ। ਜਿਸ ਕਰਕੇ ਲੋਕਾਂ ਨੂੰ ਆਪਣੇ ਕੰਮਾਂ ਉੱਤੇ ਪਹੁੰਚਣ ਦੇ ਲਈ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। 

ਲਹਿਰਾਗਾਗਾ ਚ ਪਾਣੀ-ਪਾਣੀ, ਸਕੂਲਾਂ 'ਚ ਛੁੱਟੀ ਦਾ ਐਲਾਨ

ਲਹਿਰਾ ਗਾਗਾ ਸ਼ਹਿਰ ਵਿੱਚ 24 ਘੰਟਿਆਂ ਤੋਂ ਲਗਾਤਾਰ ਭਾਰੀ ਬਾਰਿਸ਼ ਹੋ ਰਹੀ ਹੈ। ਭਾਰੀ ਬਾਰਿਸ਼ ਦੇ ਚਲਦੇ ਲਹਿਰਾਗਾਗਾ ਦੇ ਪੂਰੇ ਸ਼ਹਿਰ ਵਿੱਚ ਪਾਣੀ ਭਰ ਗਿਆ। ਗੱਲ ਕਰੀਏ ਸ਼ਹਿਰ ਦੇ ਅੰਦਰ ਦੀ ਤਾਂ ਅੰਡਰ ਬ੍ਰਿਜ ਵੀ ਨੱਕੋ ਨੱਕ ਪਾਣੀ ਨਾਲ ਭਰਿਆ ਹੋਇਆ ਹੈ। ਜਿਸ ਕਰਕੇ ਪ੍ਰਾਈਵੇਟ ਸਕੂਲਾਂ ਵਾਲਿਆਂ ਨੇ ਛੁੱਟੀ ਕਰ ਦਿੱਤੀ ਹੈ।

 

 

ਮੀਂਹ ਨਾਲ ਡੁੱਬਿਆ ਧੂਰੀ ਸ਼ਹਿਰ

ਉੱਧਰ ਧੂਰੀ ਸ਼ਹਿਰ ਤੋਂ ਵੀ ਮੀਂਹ ਦੀਆਂ ਡਰਾਉਣ ਵਾਲੀਆਂ ਤਸਵੀਰਾਂ ਸਾਹਮਣੇ ਆਈਆਂ ਹਨ। ਜਿੱਥੇ ਸੜਕਾਂ ਤੇ ਗਲੀਆਂ ਵਿੱਚ ਪਾਣੀ ਹੀ ਪਾਣੀ ਨਜ਼ਰ ਆ ਰਿਹਾ ਹੈ। ਜਿਸ ਕਰਕੇ ਲੋਕਾਂ ਨੇ ਘਰਾਂ ਦੇ ਅੰਦਰ ਪਾਣੀ ਜਾਣ ਤੋਂ ਰੋਕਣ ਦੇ ਲਈ ਘਰਾਂ ਦੀਆਂ ਦੇਹਲੀਆਂ ਅੱਗੇ ਲਗਾਏ ਰੇਤੇ-ਮਿੱਟੀਆਂ ਦੀਆਂ ਬੋਰੀਆਂ ਭਰ ਕੇ ਨਾਕੇ ਲਗਾਏ ਹਨ।

ਲੋਕਾਂ ਨੇ ਸਰਕਾਰ ਨੂੰ ਘੇਰਿਆ

ਲੋਕਾਂ ਨੇ ਕਿਹਾ ਸਰਕਾਰ ਨੂੰ ਆਮ ਲੋਕਾਂ ਦੀ ਕੋਈ ਫਿਕਰ ਨਹੀੰ ਹੈ। ਮੁੱਖ ਮੰਤਰੀ ਭਗਵੰਤ ਮਾਨ ਦਾ ਸ਼ਹਿਰ ਧੂਰੀ ਡੁੱਬ ਗਿਆ ਹੈ ਪਰ ਸਰਕਾਰ ਦਾ ਇਸ ਵੱਲ ਕੋਈ ਧਿਆਨ ਨਹੀਂ ਹੈ।

ਤੇਜ਼ ਬਰਸਾਤ ਦੇ ਚਲਦਿਆਂ ਮੁੱਖ ਮੰਤਰੀ ਹਲਕੇ ਧੂਰੀ ਦਾ ਬੁਰਾ ਹਾਲ ਹੋਇਆ ਪਿਆ ਹੈ, ਚਾਰੇ ਪਾਸੇ ਪਾਣੀ ਹੀ ਪਾਣੀ ਨਜ਼ਰ ਆ ਰਿਹਾ ਹੈ। ਗੱਲ ਕਰੀਏ ਸੰਗਰੂਰ ਲੁਧਿਆਣਾ ਹਾਈਵੇ ਦੀ ਇੱਥੇ ਵੀ ਪਾਣੀ ਹੀ ਪਾਣੀ ਹੋਇਆ ਪਿਆ ਹੈ । ਰੋਡ ਦੇ ਨੇੜੇ ਰਹਿਣ ਵਾਲੇ ਲੋਕਾਂ ਦਾ ਕਹਿਣਾ ਹੈ ਇਹ ਸਮੱਸਿਆ ਲੰਬੇ ਸਮੇਂ ਤੋਂ ਹੈ ਇੱਥੇ ਪਾਣੀ ਦੀ ਨਿਕਾਸੀ ਦਾ ਕੋਈ ਪ੍ਰਬੰਧ ਨਹੀਂ ਹੈ। ਸਾਨੂੰ ਮੁੱਖ ਮੰਤਰੀ ਤੋਂ ਉਮੀਦ ਸੀ ਵੀ ਇਸ ਮਸਲੇ ਦਾ ਹੱਲ ਹੋ ਜਾਵੇਗਾ ਤੇ ਪਾਣੀ ਦੀ ਨਿਕਾਸੀ ਹੋ ਜਾਵੇਗੀ। ਪਰ ਮਸਲਾ ਉਥੇ ਦਾ ਉਥੇ ਹੀ ਖੜ੍ਹਾ ਹੈ। ਲੋਕ ਬੜੇ ਪਰੇਸ਼ਾਨ ਹਨ।  ਗੁਰੂ ਘਰ ਜਾਣ ਵਾਲਿਆਂ ਨੂੰ ਬਹੁਤ ਔਖਾ ਹੁੰਦਾ ਹੈ। ਸਥਾਨਕ ਲੋਕਾਂ ਨੇ ਮੰਗ ਕੀਤੀ ਕਿ ਇਸ ਪਾਣੀ ਦੀ ਨਿਕਾਸੀ ਦਾ ਜਲਦੀ ਤੋਂ ਜਲਦੀ ਕੋਈ ਹੱਲ ਕੀਤਾ ਜਾਣਾ ਚਾਹੀਦਾ ਹੈ, ਤਾਂ ਜੋ ਆਮ ਜਨਤਾ ਪ੍ਰੇਸ਼ਾਨ ਤੇ ਖੱਜਲ-ਖੁਆਰ ਨਾ ਹੋਵੇ।