Punjab Gangster Ransoms: ਪੰਜਾਬ ਵਿੱਚ ਗੈਂਗਸਟਰਾਂ ਵੱਲੋਂ ਫਿਰੌਤੀਆਂ ਮੰਗਣ ਦਾ ਦੌਰ ਜਾਰੀ ਹੈ। ਜਿਸ ਨੂੰ ਪੰਜਾਬ ਪੁਲਿਸ ਨੂੰ ਵੀ ਚਿੰਤਾ ਵਿੱਚ ਪਾ ਦਿੱਤੀ ਹੈ। ਇਹਨਾਂ ਗੈਂਗਸਟਰਾਂ ਦੇ ਨਿਸ਼ਾਨੇ 'ਤੇ ਜ਼ਿਆਦਾਤਰ ਉਹ ਲੋਕ ਹਨ ਜਿਹਨਾਂ ਨੇ ਆਪਣੇ ਸਮਾਗਮਾਂ ਵਿੱਚ ਖੁੱਲ੍ਹੇ ਖਰਚੇ ਕੀਤੇ ਹਨ। ਇਹ ਖਰਚੇ ਜਾਂ ਤਾਂ ਵਿਆਹ ਸਮਾਗਮਾਂ 'ਚ ਹੋਏ ਹਨ ਜਾਂ ਫਿਰ ਹੋਰ ਖੁਸ਼ੀ ਦੇ ਮੌਕਿਆਂ 'ਤੇ ਕੀਤੇ ਗਏ ਹਨ। ਇਹਨਾਂ ਲੋਕਾਂ 'ਤੇ ਹੀ ਗੈਂਗਸਟਰਾਂ ਨੇ ਨਜ਼ਰ ਰੱਖੀ ਹੈ। 



'ਦ ਟ੍ਰਿਬਿਊਨ ਦੀ ਰਿਪੋਰਟ ਤਹਿਤ ਪੁਲੀਸ ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਪਿਛਲੇ ਇੱਕ ਸਾਲ ਦੌਰਾਨ ਗੈਂਗਸਟਰਾਂ ਵੱਲੋਂ ਪੰਜਾਬ ਭਰ 'ਚ 525 ਦੇ ਕਰੀਬ ਫੋਨ ਕਾਲਾਂ ਕੀਤੀਆਂ ਗਈਆਂ ਅਤੇ ਸੁਨੇਹੇ ਭੇਜੋ ਗਏ। ਗੈਂਗਸਟਰਾਂ ਵੱਲ ਜਿਨ੍ਹਾਂ ਵਿਅਕਤੀਆਂ ਕੋਲੋਂ ਫਿਰੌਤੀ ਮੰਗੀ ਗਈ ਹੈ ਉਨ੍ਹਾਂ ਵਿੱਚ ਜ਼ਿਆਦਾਤਰ ਅਜਿਹੇ ਵਿਅਕਤੀ ਸ਼ਾਮਲ ਹਨ ਜਿਨ੍ਹਾਂ ਨੇ ਆਪਣੇ ਪੁੱਤ ਜਾਂ ਧੀ ਦੇ ਵਿਆਹ  ਮੌਕੇ ਵੱਡਾ ਸਮਾਗਮ ਕੀਤਾ ਹੋਵੇ ਜਾਂ ਹੋਰ ਕਿਸੇ ਤਰ੍ਹਾਂ ਦੇ ਮਹਿੰਗੇ ਖਰਚ ਕਾਰਨ ਉਹ ਅਪਰਾਧੀ ਤੱਤਾਂ ਦੀ ਨਜ਼ਰ ਵਿੱਚ ਆ ਗਏ।   
 
ਪੰਜਾਬ ਵਿੱਚ ਫਿਰੋਤੀ ਮੰਗਣ ਦੇ ਮਾਮਲੇ ਸਭ ਤੋਂ ਵੱਧ ਫਿਰੋਜ਼ਪੁਰ ਰੋਜ ਵਿੱਚ ਸਾਹਮਣੇ ਆਏ ਹਨ। ਇਸ ਰੇਂਜ ਵਿੱਚ 82 ਮਾਮਲੇ, ਫਰੀਦਕੋਟ ਵਿੱਚ 78, ਰੂਪਨਗਰ ਰੇਂਜ ਵਿੱਚ 69, ਸਰਹੱਦੀ ਰੇਂਜ 'ਚ 64, ਜਲੰਧਰ ਸ਼ਹਿਰ 'ਚ 46, ਜਲੰਧਰ ਰੇਂਜ 'ਚ 46, ਲੁਧਿਆਣਾ ਰੇਂਜ 'ਚ 38, ਬਠਿੰਡਾ ਰੇਂਜ ਵਿੱਚ 32, ਲੁਧਿਆਣਾ ਸ਼ਹਿਰ ਵਿੱਚ 29, ਪਟਿਆਲਾ ਰੇਂਜ ਵਿੱਚ 18 ਅਤੇ ਸਭ ਤੋਂ ਘੱਟ ਅੰਮ੍ਰਿਤਸਰ ਸ਼ਹਿਰ ਵਿੱਚ 10 ਮਾਮਲੇ ਸਾਹਮਣੇ ਆਏ ਸਨ। 


ਪੁਲੀਸ ਅਧਿਕਾਰੀਆਂ ਦਾ ਮੰਨਣਾ ਹੈ ਕਿ ਇਹ ਮਾਮਲੇ ਸਿਰਫ਼ ਉਹ ਹਨ ਜਿੱਥੇ ਲੋਕਾਂ ਨੇ ਪੁਲੀਸ ਕੋਲ ਪਹੁੰਚ ਕੀਤੀ ਹੈ ਪਰ ਬਹੁਤ ਸਾਰੇ ਮਾਮਲੇ ਅਜਿਹੇ ਵੀ ਹੁੰਦੇ ਹਨ ਜਿੱਥੇ ਗੈਂਗਸਟਰ ਫਿਰੋਤੀ ਲੈਣ 'ਚ ਕਾਮਯਾਬ ਹੋ ਜਾਂਦੇ ਹਨ ਅਤੇ ਅਜਿਹੇ ਮਾਮਲੇ ਪੁਲੀਸ ਰਿਕਾਰਡ ਦਾ ਹਿੱਸਾ ਨਹੀਂ ਬਣਦੇ।