Drugs in Punjab: ਨਸ਼ਾ ਤਸਕਰਾਂ ਵੱਲੋਂ ਪੁਲਿਸ ਨੂੰ ਚਕਮਾ ਦੇ ਕੇ ਨਸ਼ਾ ਸਪਲਾਈ ਕਰਨ ਦੇ ਨਵੇਂ ਨਵੇਂ ਤਰੀਕੇ ਅਪਣਾਏ ਜਾ ਰਹੇ ਹਨ ਤਾਂ ਜੋ ਨਸ਼ੇ ਨੂੰ ਇੱਕ ਸ਼ਹਿਰ ਤੋਂ ਦੂਜੇ ਸ਼ਹਿਰ ਤੱਕ ਪੁਲਿਸ ਦੀਆਂ ਅੱਖਾਂ ਵਿੱਚ ਮਿੱਟੀ ਪਾ ਕੇ ਪਹੁੰਚਾਇਆ ਜਾ ਸਕੇ। ਅਜਿਹਾ ਹੀ ਨਵਾਂ ਤਰੀਕਾ ਹੁਣ ਨਸ਼ਾ ਤਸਕਰਾਂ ਵੱਲੋਂ ਅਪਣਾਇਆ ਗਿਆ ਹੈ ਜਿਨ੍ਹਾਂ ਵੱਲੋਂ ਕੋਰੀਅਰ ਜ਼ਰੀਏ ਹੁਣ ਨਸ਼ਾ ਸਪਲਾਈ ਕੀਤਾ ਜਾ ਰਿਹਾ ਹੈ।


ਅਜਿਹਾ ਹੀ ਮਾਮਲਾ ਫਰੀਦਕੋਟ ਤੋਂ ਸਾਹਮਣੇ ਆਇਆ ਹੈ ਜਿੱਥੇ ਸੀਆਈਏ ਸਟਾਫ ਫਰੀਦਕੋਟ ਵੱਲੋਂ ਦੋ ਪਾਰਸਲਾਂ ਜ਼ਰੀਏ ਕੋਰੀਅਰ ਸਰਵਿਸ ਰਾਹੀਂ ਸਪਲਾਈ ਕੀਤੀਆਂ ਜਾ ਰਹੀਆਂ 37 ਹਜ਼ਾਰ ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਗਈਆਂ। ਇਹ ਗੋਲੀਆਂ ਹਰਿਆਣਾ ਦੇ ਕਰਨਾਲ ਤੋਂ ਕੋਰੀਅਰ ਕੀਤੀਆਂ ਗਈਆਂ ਸਨ। ਇਨ੍ਹਾਂ ਨੂੰ ਅੱਗੇ ਫਰੀਦਕੋਟ ਇੱਕ ਮਹਿਲਾ ਸਮੇਤ ਦੋ ਨਸ਼ਾ ਤਸਕਰਾਂ ਨੂੰ ਪਹੁੰਚਾਈਆਂ ਜਾਣੀਆਂ ਸਨ।


ਇਸ ਬਾਰੇ ਜਾਣਕਾਰੀ ਦਿੰਦੇ ਹੋਏ ਡੀਐਸਪੀ ਬੂਟਾ ਸਿੰਘ ਨੇ ਦੱਸਿਆ ਕਿ ਜਗਮੀਤ ਸਿੰਘ ਉਰਫ ਕੱਟਾ, ਕੁਲਵਿੰਦਰ ਕੌਰ ਤੇ ਰਾਮਜੀਤ ਸਿੰਘ ਉਰਫ ਨੱਥਾ ਵੱਡੇ ਪੱਧਰ ਤੇ ਨਸ਼ੇ ਦਾ ਧੰਦਾ ਕਰਦੇ ਹਨ। ਇਨ੍ਹਾਂ ਖਿਲਾਫ ਪਹਿਲਾਂ ਵੀ NDPS ਐਕਟ ਤਹਿਤ ਮਾਮਲੇ ਦਰਜ ਹਨ। ਇੱਕ ਪੱਕੀ ਸੂਚਨਾ ਸੀ ਕਿ ਇਨ੍ਹਾਂ ਵੱਲੋਂ ਹਰਿਆਣਾ ਤੋਂ ਨਸ਼ਾ ਮੰਗਵਾਇਆ ਜਾ ਰਿਹਾ ਹੈ।


ਇਸ ਸੂਚਨਾ ਦੇ ਅਧਾਰ ਤੇ ਇਨ੍ਹਾਂ ਤੇ ਕਰੜੀ ਨਜ਼ਰ ਰੱਖੀ ਗਈ ਸੀ। ਇਸੇ ਦਰਮਿਆਨ ਰਾਮਜੀਤ ਸਿੰਘ ਉਰਫ ਨੱਥਾ ਦੋ ਪਾਰਸਲਾਂ ਸਮੇਤ ਪੁਲਿਸ ਵੱਲੋਂ ਕਾਬੂ ਕੀਤਾ ਗਿਆ ਜਿਸ ਉੱਪਰ ਪਤੇ ਮੁਤਾਬਕ ਕੁਲਵਿੰਦਰ ਕੌਰ ਤੇ ਜਗਮੀਤ ਸਿੰਘ ਦੇ ਮੋਬਾਈਲ ਨੰਬਰ ਲਿਖੇ ਪਾਏ। ਰਾਮਜੀਤ ਵੱਲੋਂ ਇਹ ਪਾਰਸਲ ਇੱਕ ਕੋਰੀਅਰ ਕੰਪਨੀ ਤੋਂ ਰਸੀਵ ਕੀਤੇ ਗਏ ਸਨ ਜਿਨ੍ਹਾਂ ਨੂੰ ਅੱਗੇ ਦੱਸੇ ਨਬਰਾਂ ਅਨੁਸਾਰ ਪਹੁੰਚਾਇਆ ਜਾਣਾ ਸੀ।


ਜਦ ਇਨ੍ਹਾਂ ਪਾਰਸਲਾਂ ਦੀ ਉੱਚ ਅਧਿਕਾਰੀਆਂ ਦੀ ਨਿਗਰਾਨੀ ਵਿੱਚ ਖੋਲ੍ਹ ਕੇ ਤਲਾਸ਼ੀ ਲਈ ਗਈ ਤਾਂ ਇੱਕ ਪਾਰਸਲ ਵਿੱਚ 20 ਹਜ਼ਾਰ ਨਸ਼ੀਲੀਆਂ ਗੋਲੀਆਂ ਤੇ ਦੂਜੇ ਪਾਰਸਲ ਵਿੱਚ 17 ਹਜ਼ਾਰ ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਗਈਆਂ ਜਿਸ ਨੂੰ ਲੈ ਕੇ NDPS ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ।


ਇਹ ਵੀ ਪੜ੍ਹੋ: Ram Mandir Pran Pratishtha: ਰਾਮ ਲੱਲਾ ਦੀ ਮੂਰਤੀ ਤੇ ਰਾਮ ਮੰਦਿਰ ਦੀਆਂ ਵਿਸ਼ੇਸ਼ਤਾਵਾਂ ਕਰ ਦੇਣਗੀਆਂ ਹੈਰਾਨ! ਜਾਣੋ ਪੂਰੀ ਡਿਟੇਲ


ਰਾਮਜੀਤ ਦੀ ਗ੍ਰਿਫਤਾਰੀ ਕਰ ਲਈ ਗਈ ਜਦਕਿ ਜਗਮੀਤ ਸਿੰਘ ਤੇ ਕੁਲਵਿੰਦਰ ਕੌਰ ਜੋ ਘਰੋਂ ਫਰਾਰ ਹਨ, ਉਨ੍ਹਾਂ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਉਨ੍ਹਾਂ ਇਸ ਵਕਤ ਕੋਰੀਅਰ ਸਰਵਿਸ ਵਾਲਿਆਂ ਨੂੰ ਵੀ ਚੇਤਾਵਨੀ ਦਿੱਤੀ ਕਿ ਕੋਰੀਅਰ ਜ਼ਰੀਏ ਸਪਲਾਈ ਕੀਤੇ ਜਾਣ ਵਾਲੇ ਸਾਮਾਨ ਸਬੰਧੀ ਪੂਰੀ ਜਾਣਕਾਰੀ ਹਾਸਲ ਕਰਨ ਤੋਂ ਬਾਅਦ ਹੀ ਸਾਮਾਨ ਬੁੱਕ ਕੀਤਾ ਜਾਵੇ ਨਹੀਂ ਤਾਂ ਉਨ੍ਹਾਂ ਖਿਲਾਫ ਵੀ ਕਾਰਵਾਈ ਕੀਤੀ ਜਾ ਸਕਦੀ ਹੈ।


ਇਹ ਵੀ ਪੜ੍ਹੋ: Pran Pratishtha: ਰਾਮ ਰੰਗ 'ਚ ਰੰਗਿਆ ਭਾਰਤ! ਨਵੇਂ ਮੰਦਰ ’ਚ ਰਾਮ ਲੱਲਾ ਹੋਏ ਬਿਰਾਜਮਾਨ