ਚੰਡੀਗੜ੍ਹ : ਚੰਡੀਗੜ੍ਹ ਦੇ ਵੱਕਾਰੀ ਕਾਰਮਲ ਕਾਨਵੈਂਟ ਸਕੂਲ ਵਿੱਚ ਪਿੱਪਲ ਦਾ ਦਰੱਖਤ ਡਿੱਗਣ ਨਾਲ 10ਵੀਂ ਜਮਾਤ ਦੀ ਵਿਦਿਆਰਥਣ ਹੀਰਾਕਸ਼ੀ ਦੀ ਮੌਤ ਤੋਂ ਬਾਅਦ ਪੰਜਾਬ ਸਰਕਾਰ ਜਾਗ ਪਈ ਹੈ। ਸੂਬੇ ਦੇ ਸਾਰੇ ਸਕੂਲਾਂ ਵਿੱਚ ਸਿਉਂਕ ਲੱਗੇ ਅਤੇ ਸੁੱਕੇ ਦਰੱਖਤਾਂ ਦੀ ਰਿਪੋਰਟ ਤਲਬ ਕੀਤੀ ਗਈ ਹੈ। ਜ਼ਿਲ੍ਹਾ ਸਿੱਖਿਆ ਅਧਿਕਾਰੀਆਂ ਨੂੰ ਇਸ ਦੀ ਤੁਰੰਤ ਜਾਂਚ ਕਰਨ ਲਈ ਕਿਹਾ ਗਿਆ ਹੈ। ਸਰਕਾਰ ਨੇ ਇਹ ਵੀ ਹਦਾਇਤ ਕੀਤੀ ਹੈ ਕਿ ਜੇਕਰ ਅਜਿਹੇ ਦਰੱਖਤ ਹਨ ਤਾਂ ਉਨ੍ਹਾਂ ਨੂੰ ਜੰਗਲਾਤ ਵਿਭਾਗ ਦੀ ਮਦਦ ਨਾਲ ਤੁਰੰਤ ਕੱਟਿਆ ਜਾਵੇ।

ਸਰਕਾਰ ਨੇ ਜਾਰੀ ਕੀਤੇ ਇਹ ਹੁਕਮ 



ਸਿੱਖਿਆ ਨਿਰਦੇਸ਼ਕ ਨੇ ਦੱਸਿਆ ਕਿ ਪੰਜਾਬ ਵਿੱਚ ਸਕੂਲ ਦੀ ਇਮਾਰਤ ਦੇ ਨੇੜੇ, ਗਰਾਊਂਡ ਅਤੇ ਖਾਲੀ ਥਾਵਾਂ ’ਤੇ ਬਹੁਤ ਸਾਰੇ ਦਰੱਖਤ ਲਗਾਏ ਗਏ ਹਨ। ਬਹੁਤ ਸਾਰੇ ਸਕੂਲਾਂ ਵਿੱਚ ਵਿਦਿਆਰਥੀ ਲਾਂਚ ਟਾਈਮ ਜਾਂ ਖੇਡਾਂ ਦੇ ਸਮੇਂ ਦੌਰਾਨ ਇਨ੍ਹਾਂ ਦਰੱਖਤਾਂ ਦੇ ਹੇਠਾਂ ਬੈਠਦੇ ਹਨ ਜਾਂ ਖੇਡਦੇ ਹਨ।  ਇਨ੍ਹਾਂ 'ਚੋਂ ਕਈ ਦਰੱਖਤਾਂ ਨੂੰ ਸਿਉਂਕ ਲੱਗ ਚੁੱਕੀ ਹੈ , ਜਦਕਿ ਕਈ ਪੂਰੀ ਤਰ੍ਹਾਂ ਸੁੱਕ ਚੁੱਕੇ ਹਨ।

 

ਇਨ੍ਹਾਂ ਦੀਆਂ ਟਹਿਣੀਆਂ ਜਾਂ ਪੂਰੇ ਦਰੱਖਤ ਤੂਫ਼ਾਨ ਜਾਂ ਕਿਸੇ ਹੋਰ ਕਾਰਨ ਕਿਸੇ ਸਮੇਂ ਵੀ ਡਿੱਗ ਸਕਦੇ ਹਨ। ਇਸ ਲਈ ਇਨ੍ਹਾਂ ਦੀ ਪੂਰੀ ਸੂਚੀ ਤਿਆਰ ਕੀਤੀ ਜਾਵੇ। ਸਕੂਲ ਅਤੇ ਵਿਦਿਆਰਥੀਆਂ ਦੀ ਸੁਰੱਖਿਆ ਲਈ ਜਿੱਥੇ ਲੋੜ ਹੋਵੇ, ਉਨ੍ਹਾਂ ਨੂੰ ਕੱਟਿਆ ਜਾਣਾ ਚਾਹੀਦਾ ਹੈ।


ਚੰਡੀਗੜ੍ਹ 'ਚ ਦੁਪਹਿਰ ਦਾ ਖਾਣਾ ਖਾਂਦੇ ਸਮੇਂ ਵਿਦਿਆਰਥੀਆਂ 'ਤੇ ਡਿੱਗਿਆ ਦਰੱਖਤ


ਚੰਡੀਗੜ੍ਹ ਦੇ ਸੈਕਟਰ 9 ਸਥਿਤ ਕੋਰਮਲ ਕਾਨਵੈਂਟ ਸਕੂਲ ਵਿੱਚ ਕੱਲ੍ਹ ਸਵੇਰੇ 11 ਵਜੇ 250 ਸਾਲ ਪੁਰਾਣਾ ਪਿੱਪਲ ਦਾ ਦਰੱਖਤ ਡਿੱਗ ਗਿਆ। ਜਦੋਂ ਦਰੱਖਤ ਡਿੱਗਿਆ ਤਾਂ ਕੁੜੀਆਂ ਉਸ ਦੇ ਹੇਠਾਂ ਬੈਠ ਕੇ ਖਾਣਾ ਖਾ ਰਹੀਆਂ ਸਨ। 10ਵੀਂ ਜਮਾਤ ਦੀ ਵਿਦਿਆਰਥਣ ਹੀਰਾਕਸ਼ੀ ਦੀ ਦਰੱਖਤ ਹੇਠਾਂ ਦੱਬਣ ਨਾਲ ਮੌਤ ਹੋ ਗਈ।

 

ਹਾਦਸੇ ਵਿੱਚ 18 ਵਿਦਿਆਰਥੀ ਅਤੇ ਇੱਕ ਸੇਵਾਦਾਰ ਵੀ ਜ਼ਖ਼ਮੀ ਹੋ ਗਏ। ਸ਼ੁਰੂਆਤੀ ਜਾਂਚ 'ਚ ਪਤਾ ਲੱਗਾ ਹੈ ਕਿ ਇਸ ਦਰੱਖਤ ਦੇ ਤਣੇ ਨੂੰ ਦੀਮਕ ਨੇ ਖੋਖਲਾ ਕਰ ਦਿੱਤਾ ਸੀ। ਇਸ ਨੂੰ ਚੰਡੀਗੜ੍ਹ ਪ੍ਰਸ਼ਾਸਨ ਵੱਲੋਂ 2017 ਵਿੱਚ ‘ਹੈਰੀਟੇਜ ਟ੍ਰੀ’ ਘੋਸ਼ਿਤ ਕੀਤਾ ਗਿਆ ਸੀ ਪਰ ਸਾਂਭ ਸੰਭਾਲ ਨਾ ਹੋਣ ਕਾਰਨ ਦਰੱਖਤ ਡਿੱਗ ਗਿਆ।