AAP's Election Guarantees : ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਆਪਣੀ ਇੱਕ ਹੋਰ ਗਰੰਟੀ ਪੂਰੀ ਕਰਨ ਜਾ ਰਹੀ ਹੈ। ਮਾਨ ਸਰਕਾਰ ਔਰਤਾਂ ਨੂੰ ਇੱਕ ਇੱਕ ਹਜ਼ਾਰ ਰੁਪਏ ਪ੍ਰਤੀ ਮਹੀਨਾ ਦੇਣ ਦਾ ਵਾਅਦਾ ਪੂਰਾ ਕਰ ਸਕਦੀ ਹੈ। ਅਗਲੇ ਸਾਲ ਲੋਕ ਸਭਾ ਦੀਆਂ ਚੋਣਾਂ ਆਉਣ ਵਾਲੀਆਂ ਹਨ ਇਸੇ ਨੂੰ ਧਿਆਨ ਵਿੱਚ ਰੱਖਦੇ ਪੰਜਾਬ ਵਿੱਚ ਲੋਕ ਸਭਾ ਦੀਆਂ ਚੋਣਾਂ ਤੋਂ ਪਹਿਲਾਂ ਪਹਿਲਾਂ ਸਰਕਾਰ ਇਹ ਸਕੀਮ ਲਾਗੂ ਕਰ ਦੇਵੇਗੀ। 


ਹੁਣ ਸਵਾਲ ਹੈ ਕਿ ਪੰਜਾਬ ਦੀਆਂ ਸਾਰੀਆਂ ਮਹਿਲਾਵਾਂ, ਲੜਕੀਆਂ ਨੂੰ ਇੱਕ ਇੱਕ ਹਜ਼ਾਰ ਰੁਪਏ ਦਿੱਤੇ ਜਾਣਗੇ ਤਾਂ ਇਸ ਦਾ ਜਵਾਬ ਹੈ ਕਿ ਹਾਲੇ ਤੱਕ ਇਸ ਸਕੀਮ ਵਿੱਚ ਸਿਰਫ਼ ਵਿਧਵਾ ਜਾਂ ਤਲਾਕਸ਼ੁਦਾ ਔਰਤਾਂ ਨੂੰ ਹੀ ਰੱਖਿਆ ਜਾਵੇਗਾ। ਯਾਨੀ ਕਿ ਇਸ ਗਰੰਟੀ ਨੂੰ ਲਾਗੂ ਕਰਨ ਦੇ ਲਈ 4 ਗੇੜਾਂ ਵਿੱਚ ਵੰਡਿਆ ਗਿਆ ਹੈ। 


ਜਿਸ ਵਿੱਚ 80 ਲੱਖ ਔਰਤਾਂ ਨੂੰ ਲਾਭ ਹੋਵੇਗਾ । ਇਸ ਦੇ ਲਈ ਸਰਕਾਰ ਨੇ ਫਾਈਨਾਂਸ ਵਿਭਾਗ ਨੂੰ ਫਾਇਲ ਭੇਜੀ ਹੈ। ਸਰਕਾਰ ਨੇ ਯੋਜਨਾ ਨੂੰ ਲਾਗੂ ਕਰਨ ਦੇ ਲਈ ਜਿਹੜੇ 4 ਗੇੜ੍ਹ ਤੈਅ ਕੀਤੇ ਹਨ, ਉਹ ਜ਼ਰੂਰਤ ਦੇ ਹਿਸਾਬ ਨਾਲ ਹੋਣਗੇ।


ਪਹਿਲੇ ਗੇੜ੍ਹ ਵਿੱਚ 1 ਲੱਖ 50 ਹਜ਼ਾਰ ਔਰਤਾਂ ਨੂੰ ਫਾਇਦਾ ਹੋਵੇਗਾ। ਜਿਸ ਨਾਲ ਪੰਜਾਬ ਦੇ ਸਿਰ ‘ਤੇ ਹਰ ਮਹੀਨੇ 15 ਕਰੋੜ ਦਾ ਬੋਝ ਪਵੇਗਾ। ਪੰਜਾਬ ਵਿੱਚ ਔਰਤ ਵੋਟਰਾਂ ਦੀ ਗਿਣਤੀ 1.02 ਕਰੋੜ ਹੈ । 


ਦੂਜੇ ਗੇੜ੍ਹ ਵਿੱਚ ਬਿਨਾਂ ਵਿਆਹੁਦਾ ਔਰਤਾਂ ਨੂੰ ਫਾਇਦਾ ਮਿਲੇਗਾ ਜਿੰਨਾਂ ਦੇ ਕੋਲ ਆਮਦਨ ਦਾ ਸਾਧਨ ਨਹੀਂ ਹੈ। ਇਸ ਵਿੱਚ ਉਹ ਔਰਤਾਂ ਸ਼ਾਮਲ ਹਨ ਜਿੰਨਾਂ ਦੀ ਉਮਰ 18 ਸਾਲ ਤੋਂ ਵੱਧ ਹੈ ਅਤੇ ਉਹ ਵਿਦਿਆਰਥੀ ਹਨ । 


ਤੀਜੇ ਗੇੜ੍ਹ ਵਿੱਚ ਘੱਟ ਆਮਦਨ ਵਾਲੀ BPL ਕਾਰਡ ਧਾਰਕ ਔਰਤਾਂ ਨੂੰ ਸ਼ਾਮਲ ਕੀਤਾ ਜਾਵੇਗਾ । ਚੌਥੇ ਗੇੜ੍ਹ ਵਿੱਚ ਸਾਰੀਆਂ ਔਰਤਾਂ ਨੂੰ ਸ਼ਾਮਲ ਕੀਤਾ ਜਾਵੇਗਾ । ਇਸ ਪੂਰੀ ਸਕੀਮ ਵਿੱਚ ਕੁੱਲ 900 ਕਰੋੜ ਰੁਪਏ ਪ੍ਰਤੀ ਮਹੀਨੇ ਦਾ ਖਰਚ ਹੋਵੇਗਾ ।


ਗੇੜ੍ਹ ਵਿੱਚ ਸਕੀਮ ਨੂੰ ਲਾਗੂ ਕਰਨ ਦਾ ਮਾਨ ਸਰਕਾਰ ਦਾ ਇਹ ਫੈਸਲਾ ਵੀ ਕਿਧਰੇ ਨਾ ਕਿਧਰੇ ਕੈਪਟਨ ਸਰਕਾਰ ਵੇਲੇ ਹਰ ਵਿਦਿਆਰਥੀ ਨੂੰ ਸਮਾਰਟ ਫੋਨ ਦੇਣ ਦੀ ਯੋਜਨਾ ਦੀ ਯਾਦ ਦਿਵਾਉਂਦਾ ਹੈ। ਚੋਣਾਂ ਵਿੱਚ ਸਾਰੇ ਵਿਦਿਆਰਥੀਆਂ ਨੂੰ ਸਮਾਰਟ ਫੋਨ ਦੇਣ ਦਾ ਵਾਅਦਾ ਕੀਤਾ ਗਿਆ ਸੀ । ਫਿਰ ਸਿਰਫ 10ਵੀਂ ਅਤੇ 12ਵੀਂ ਦੇ ਵਿਦਿਆਰਥੀਆਂ ਨੂੰ ਫੋਨ ਦੇਣ ਦਾ ਫੈਸਲਾ ਹੋਇਆ। ਸਰਕਾਰ ਜਾਂਦੇ ਜਾਂਦੇ ਕੁਝ ਹੀ ਵਿਦਿਆਰਥੀਆਂ ਨੂੰ ਇਸ ਦਾ ਫਾਇਦਾ ਮਿਲਿਆ ਸੀ।