ਚੰਡੀਗੜ੍ਹ: ਪੰਜਾਬ ਦਾ ਬਜਟ ਸੈਸ਼ਨ ਮਾਰਚ ਮਹੀਨੇ ਹੋਣ ਜਾ ਰਿਹਾ ਹੈ ਤੇ ਇਸ ਲਈ ਪੰਜਾਬ ਸਰਕਾਰ ਨੇ ਤਿਆਰੀ ਸ਼ੁਰੂ ਕਰ ਦਿੱਤੀਆਂ ਹਨ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਬਜਟ ਬਾਰੇ ਇੱਕ ਮਾਰਚ ਨੂੰ ਕਾਂਗਰਸੀ ਵਿਧਾਇਕਾਂ ਦੀ ਹੰਗਾਮੀ ਬੈਠਕ ਬੁਲਾਈ ਗਈ ਹੈ। ਸਰਕਾਰ ਦਾ ਕਹਿਣਾ ਹੈ ਕਿ ਬਜਟ ਇਜਲਾਸ ਤੋਂ ਪਹਿਲਾਂ ਹੋ ਰਹੀ ਇਸ ਮੀਟਿੰਗ ਦਾ ਉਦੇਸ਼ ਕਾਂਗਰਸ ਸਰਕਾਰ ਅਤੇ ਪਾਰਟੀ ਦੇ ਚੁਣੇ ਹੋਏ ਨੁਮਾਇੰਦਿਆਂ ਦਰਮਿਆਨ ਤਾਲਮੇਲ ਨੂੰ ਹੋਰ ਮਜ਼ਬੂਤ ਬਣਾਉਣਾ ਹੈ ਜਿਸ ਨੂੰ ਪਿਛਲੇ ਮਹੀਨਿਆਂ ਦੌਰਾਨ ਮੁੱਖ ਮੰਤਰੀ ਨੇ ਵੱਖ ਵੱਖ ਉਪਰਾਲਿਆਂ ਰਾਹੀਂ ਉਤਸ਼ਾਹਤ ਕੀਤਾ ਹੈ। ਬੁਲਾਰੇ ਨੇ ਦੱਸਿਆ ਕਿ ਕੈਪਟਨ ਅਮਰਿੰਦਰ ਸਿੰਘ ਮੀਟਿੰਗ ਦੌਰਾਨ ਤਜਵੀਜ਼ਤ ਬਜਟ ਦੇ ਉਪਬੰਧਾਂ ਨਾਲ ਸਬੰਧਤ ਵੱਖ-ਵੱਖ ਮਾਮਲਿਆਂ 'ਤੇ ਕਾਂਗਰਸੀ ਵਿਧਾਇਕਾਂ ਦੇ ਵਿਚਾਰ ਜਾਣਨਗੇ। ਇਸ ਮੀਟਿੰਗ ਦੌਰਾਨ ਬਜਟ ਵਿਚ ਫੌਰੀ ਧਿਆਨ ਮੰਗਦੇ ਮੁੱਖ ਖੇਤਰਾਂ ਨੂੰ ਤਰਜੀਹ ਦਿੱਤੀ ਜਾਵੇਗੀ। ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ ਨੇ ਇਸ ਕਦਮ ਦਾ ਸਵਾਗਤ ਕਰਦਿਆਂ ਮੁੱਖ ਮੰਤਰੀ ਦੇ ਇਸ ਉਪਰਾਲੇ ਨੂੰ ਲੀਹੋਂ ਹਟਵਾਂ ਕਦਮ ਦੱਸਿਆ ਹੈ। ਉਨ੍ਹਾਂ ਕਿਹਾ ਕਿ ਇਹ ਮੀਟਿੰਗ ਸਰਕਾਰ ਅਤੇ ਪਾਰਟੀ ਦਰਮਿਆਨ ਬਿਹਤਰ ਤਾਲਮੇਲ ਨੂੰ ਹੋਰ ਯਕੀਨੀ ਬਣਾਉਣ ਵਿਚ ਸਹਾਈ ਹੋਵੇਗੀ ਜਿਸ ਨਾਲ ਪੰਜਾਬ ਦੇ ਲੋਕਾਂ ਦੀ ਭਲਾਈ ਤੇ ਹਿੱਤ ਵਿਚ ਕਾਂਗਰਸ ਦੇ ਵਾਅਦਿਆਂ ਅਤੇ ਪ੍ਰੋਗਰਾਮਾਂ ਨੂੰ ਸਫਲਤਾ ਨਾਲ ਅਮਲ ਵਿੱਚ ਲਿਆਂਦਾ ਜਾ ਸਕੇਗਾ।