ਆਸਟ੍ਰੇਲੀਆ ਤੋਂ ਪਰਤ ਰਹੇ ਅਕਾਲੀ ਲੀਡਰ ਮੱਕੜ ਦੀ ਕਾਰ ਹਾਦਸੇ ਦਾ ਸ਼ਿਕਾਰ
ਏਬੀਪੀ ਸਾਂਝਾ | 27 Feb 2018 12:23 PM (IST)
ਜਲੰਧਰ: ਸ਼੍ਰੋਮਣੀ ਅਕਾਲੀ ਦਲ ਦੇ ਲੀਡਰ ਸਰਬਜੀਤ ਸਿੰਘ ਮੱਕੜ ਤੇ ਉਸ ਦੀ ਪਤਨੀ ਉਪਿੰਦਰਜੀਤ ਕੌਰ ਸਮੇਤ ਸੜਕ ਹਾਦਸੇ ਵਿੱਚ ਕੁੱਲ ਪੰਜ ਜਣੇ ਜ਼ਖ਼ਮੀ ਹੋ ਗਏ। ਦੁਰਘਟਨਾ ਉਸ ਸਮੇਂ ਵਾਪਰੀ ਜਦੋਂ ਉਹ ਆਪਣੇ ਆਸਟ੍ਰੇਲੀਆ ਦੌਰੇ ਤੋਂ ਪਰਤ ਆਪਣੇ ਘਰ ਜਾ ਰਹੇ ਸਨ। ਫਗਵਾੜਾ ਤੇ ਗੁਰਾਇਆ ਵਿਚਕਾਰ ਉਨ੍ਹਾਂ ਦੀ ਕਾਰ ਟਰੱਕ ਵਿੱਚ ਜਾ ਵੱਜੀ। ਮੱਕੜ ਦਾ ਦੋਸਤ ਸੁਖਦੇਵ ਸਿੰਘ ਔਜਲਾ ਤੇ ਅੰਗਰੱਖਿਅਕ ਕੁਲਦੀਪ ਸਿੰਘ ਦੇ ਨਾਲ-ਨਾਲ ਕਾਰ ਚਾਲਕ ਨੂੰ ਵੀ ਸੱਟਾਂ ਲੱਗੀਆਂ ਹਨ। ਮੱਕੜ ਦੀ ਕਾਰ ਬੁਰੀ ਤਰ੍ਹਾਂ ਨੁਕਸਾਨੀ ਗਈ। ਦੱਸਿਆ ਜਾਂਦਾ ਹੈ ਕਿ ਚਾਲਕ ਨੂੰ ਨੀਂਦ ਆ ਜਾਣ ਕਾਰਨ ਗੱਡੀ ਉਸ ਦੇ ਕਾਬੂ ਤੋਂ ਬਾਹਰ ਹੋ ਗਈ ਤੇ ਟਰੱਕ ਨਾਲ ਜਾ ਭਿੜੀ। ਹਾਦਸੇ ਤੋਂ ਬਾਅਦ ਟਰੱਕ ਚਾਲਕ ਮੌਕੇ ਤੋਂ ਫਰਾਰ ਹੋ ਗਿਆ। ਜ਼ਖ਼ਮੀਆਂ ਨੂੰ ਫਗਵਾੜਾ ਦੇ ਗਾਂਧੀ ਹਸਪਤਾਲ ਲਿਜਾਇਆ ਗਿਆ। ਡਾਕਟਰਾਂ ਨੇ ਦੱਸਿਆ ਕਿ ਮੱਕੜ ਤੇ ਉਸ ਦੀ ਪਤਨੀ ਦੀਆਂ ਕਈ ਹੱਡੀਆਂ ਟੁੱਟ ਗਈਆਂ ਹਨ। ਇਲਾਜ ਤੋਂ ਬਾਅਦ ਉਨ੍ਹਾਂ ਨੂੰ ਜਲੰਧਰ ਦੇ ਹਸਪਤਾਲ ਵਿੱਚ ਤਬਦੀਲ ਕਰ ਦਿੱਤਾ ਗਿਆ। ਪੁਲਿਸ ਨੇ ਇਸ ਸਬੰਧੀ ਮਾਮਲਾ ਦਰਜ ਕਰ ਲਿਆ ਹੈ।