ਚੰਡੀਗੜ੍ਹ: ਬੀਤੇ ਦੋ ਦਿਨਾਂ ਤੋਂ ਜਾਰੀ ਮੋਹਲੇਧਾਰ ਵਰਖਾ ਕਾਰਨ ਪੰਜਾਬ ਸਰਕਾਰ ਨੇ ਸੋਮਵਾਰ ਸਵੇਰੇ ਸੂਬੇ ਵਿੱਚ ਰੈੱਡ ਅਲਰਟ ਜਾਰੀ ਕਰ ਦਿੱਤਾ ਹੈ। ਚੇਤਾਵਨੀ ਵਿੱਚ ਸੂਬੇ ਦੇ ਸਾਰੇ ਜ਼ਿਲ੍ਹਿਆਂ ਨੂੰ ਬੇਹੱਦ ਚੌਕਸ ਰਹਿਣ ਦਾ ਨਿਰਦੇਸ਼ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਫ਼ੌਜ ਨੂੰ ਵੀ ਚੌਕਸ ਰਹਿਣ ਦੇ ਨਿਰਦੇਸ਼ ਦਿੱਤੇ ਗਏ ਹਨ। ਜ਼ਿਕਰਯੋਗ ਹੈ ਕਿ ਪਿਛਲੇ ਦੋ ਦਿਨਾਂ ਤੋਂ ਪੰਜਾਬ, ਹਰਿਆਣਾ ਤੇ ਹਿਮਾਚਲ ਪ੍ਰਦੇਸ਼ ਵਿੱਚ ਭਾਰੀ ਮੀਂਹ ਕਾਰਨ ਤਕਰੀਬਨ ਸੱਤ ਲੋਕਾਂ ਦੀ ਜਾਨ ਜਾ ਚੁੱਕੀ ਹੈ। 'ਅੱਸੂ' ਦੀ ਝੜੀ ਤੀਜੇ ਦਿਨ ਵੀ ਲੱਗੀ ਹੋਈ ਹੈ। ਕਈ ਦਹਾਕਿਆਂ ਬਾਅਦ ਇਸ ਰੁੱਤ ਵਿੱਚ ਇੰਨਾ ਮੀਂਹ ਪੈ ਰਿਹਾ ਹੈ। ਸਰਕਾਰ ਲਗਾਤਾਰ ਪੈ ਰਹੇ ਮੀਂਹ ਨੂੰ ਕੁਦਰਤੀ ਆਫ਼ਤ ਵਜੋਂ ਵੇਖ ਰਹੀ ਹੈ ਤੇ ਇਸ ਲਈ ਵਿਸ਼ੇਸ਼ ਆਫ਼ਤ ਰੋਕੂ ਕੰਟਰੋਲ ਰੂਮ ਸ਼ੁਰੂ ਕਰ ਦਿੱਤੇ ਗਏ ਹਨ। ਸਰਕਾਰ ਨੇ ਸਾਰੇ ਅਫ਼ਸਰਾਂ ਨੂੰ ਤਿਆਰ-ਬਰ-ਤਿਆਰ (ਸਟੈਂਡਬਾਏ) ਰਹਿਣ ਦੇ ਨਿਰਦੇਸ਼ ਵੀ ਜਾਰੀ ਕਰ ਦਿੱਤੇ ਹਨ। ਸਾਰੇ ਜ਼ਿਲ੍ਹਿਆਂ ਨੂੰ ਹੜ੍ਹਾਂ ਦੇ ਪਾਣੀ ਤੋਂ ਬਚਾਅ ਲਈ ਲੋੜੀਂਦੇ ਪ੍ਰਬੰਧ ਕਰਨ ਦੇ ਹੁਕਮ ਦਿੱਤੇ ਗਏ ਹਨ। ਪੰਜਾਬ ਦੇ ਤਿੰਨੇ ਦਰਿਆਵਾਂ ਨੇੜਲੇ ਇਲਾਕਿਆਂ ਨੂੰ ਸਭ ਤੋਂ ਵੱਧ ਧਿਆਨ ਦੇਣ ਲਈ ਕਿਹਾ ਗਿਆ ਹੈ। ਪਹਾੜਾਂ ਵਿੱਚ ਪੈ ਰਹੇ ਜ਼ਬਰਦਸਤ ਮੀਂਹ ਕਾਰਨ ਬਿਆਸ ਦਰਿਆ ਵਿੱਚ ਪਾਣੀ ਦਾ ਵਹਾਅ ਸਭ ਤੋਂ ਵੱਧ ਹੈ। ਇਸ ਦੇ ਨਾਲ ਹੀ ਡੈਮਾਂ ਦੇ ਜਲ ਭੰਡਾਰ ਵੀ ਨੱਕੋ-ਨੱਕ ਭਰਨ 'ਤੇ ਹਨ, ਇਸ ਲਈ ਦਸੂਹਾ, ਟਾਂਡਾ ਤੇ ਮੁਕੇਰੀਆਂ ਸਬ-ਡਵੀਜ਼ਨਾਂ ਸਭ ਤੋਂ ਵੱਧ ਖ਼ਤਰੇ ਵਿੱਚ ਹਨ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਹਾਲਾਤ ਦਾ ਜਾਇਜ਼ਾ ਲੈਣ ਲਈ ਅਧਿਕਾਰੀਆਂ ਦੀ ਮੀਟਿੰਗ ਸੱਦੀ ਹੈ। ਉਨ੍ਹਾਂ ਸਿੰਜਾਈ ਤੇ ਨਿਕਾਸੀ ਵਿਭਾਗ ਦੇ ਸਾਰੇ ਅਧਿਕਾਰੀਆਂ ਦੀ ਛੁੱਟੀ ਰੱਦ ਕਰ ਦਿੱਤੀ ਹੈ ਤੇ ਉਨ੍ਹਾਂ ਨੂੰ ਤੁਰੰਤ ਡਿਊਟੀ 'ਤੇ ਪਰਤਣ ਦੇ ਹੁਕਮ ਦਿੱਤੇ ਗਏ ਹਨ।