ਚੰਡੀਗੜ੍ਹ : ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀਆਂ ਆਉਣ ਵਾਲੇ ਸਮੇਂ ਵਿੱਚ ਮੁਸ਼ਕਲਾਂ ਹੋਰ ਵੱਧ ਸਕਦੀਆਂ ਹਨ। ਕਿਉਂਕਿ ਭਗਵੰਤ ਮਾਨ ਸਰਕਾਰ ਨੇ ਗੋਆ ਦੇ ਸਮੁੰਦਰ ਨਾਲ ਲੱਗਦੀ ਪੰਜਾਬ ਸਰਕਾਰ ਦੀ ਕਰੋੜਾਂ ਰੁਪਏ ਦੀ ਜ਼ਮੀਨ ਬਾਰੇ ਵੱਡਾ ਫੈਸਲਾ ਲਿਆ ਹੈ। ਦਰਅਸਲ ਚਰਨਜੀਤ ਸਿੰਘ ਚੰਨੀ ਦੀ ਸਰਕਾਰ ਸਮੇਂ ਗੋਆ ਦੇ ਸਮੁੰਦਰ ਨਾਲ ਲੱਗਦੀ ਪੰਜਾਬ ਸਰਕਾਰ ਦੀ ਜ਼ਮੀਨ ਨੂੰ ਇੱਕ 5 ਤਾਰਾ ਹੋਟਲ ਨੂੰ ਲੀਜ਼ 'ਤੇ ਦੇ ਦਿੱਤਾ ਸੀ। 


ਗੋਆ ਦੇ ਸਮੁੰਦਰ ਕਿਨਾਰੇ ਪੰਜਾਬ ਸਰਕਾਰ ਦੀ 8 ਏਕੜ ਜ਼ਮੀਨ ਹੈ। ਜਿਸ 'ਤੇ ਹੁਣ ਭਗਵੰਤ ਮਾਨ ਸਰਕਾਰ ਨੇ ਐਕਸ਼ਨ ਲੈਣ ਦੀ ਤਿਆਰੀ ਕਰ ਲਈ ਹੈ। ਸਰਕਾਰ ਨੇ ਇਸ ਕਰੋੜਾਂ ਰੁਪਏ ਦੀ ਜ਼ਮੀਨ ਦੀ ਲੀਜ਼ ਨੂੰ ਰੱਦ ਕਰਨ ਦਾ ਫੈਸਲਾ ਕੀਤਾ ਹੈ। ਚਰਨਜੀਤ ਸਿੰਘ ਚੰਨੀ ਦੀ ਸਰਕਾਰ ਵੇਲੇ ਇਸ ਜ਼ਮੀਨ ਨੂੰ ਲੀਜ਼ 'ਤੇ ਦੇਣ ਲਈ ਟੈਂਡਰ ਜਾਰੀ ਕੀਤੇ ਗਏ ਸਨ। ਜਿਸ 'ਤੇ ਮਾਨ ਸਰਕਾਰ ਨੇ ਦਾਅਵਾ ਕੀਤਾ ਹੈ ਕਿ ਕਰੋੜਾ ਰੁਪਏ ਦੀ ਜ਼ਮੀਨ ਦੀ ਲੀਜ਼ ਕੌਡੀਆਂ ਦੇ ਭਾਅ ਹੋਈ ਹੈ। ਜਿਸ ਨਾਲ ਖ਼ਜ਼ਾਨੇ ਨੂੰ ਚੂਨਾ ਲੱਗਿਆ ਹੈ।


ਇਸ ਦੇ ਨਾਲ ਹੀ ਪੰਜਾਬ ਸਰਕਾਰ ਨੇ ਵਿਜੀਲੈਂਸ ਬਿਊਰੋ ਨੂੰ ਵੀ ਜਾਂਚ ਕਰਨ ਦੇ ਹੁਕਮ ਜਾਰੀ ਕਰ ਦਿੱਤੇ ਹਨ। ਵਿਜੀਲੈਂਸ ਨੇ ਸੈਰ ਸਪਾਟਾ ਵਿਭਾਗ ਤੋਂ ਇਸ ਨਾਲ ਸਬੰਧਤ ਸਾਰੇ ਰਿਕਾਰਡ ਵੀ ਤਲਬ ਕਰ ਲਏ ਹਨ। ਮੰਨਿਆ ਜਾ ਰਿਹਾ ਹੈ ਕਿ ਵਿਜੀਲੈਂਸ ਇਸ ਪੜਤਾਲ ਵਿੱਚ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਵੀ ਸ਼ਾਮਲ ਕਰ ਸਕਦੀ ਹੈ। ਕਿਉਂਕਿ ਜ਼ਮੀਨ ਸਬੰਧੀ ਟੈਂਡਰ ਉਹਨਾਂ ਦੀ ਸਰਕਾਰ ਵੇਲੇ ਪਾਸ ਹੋਏ ਸਨ। 


ਇਸ ਨੂੰ ਦੇਖਦੇ ਹੋਏ ਮੁੱਖ ਮੰਤਰੀ ਭਗਵੰਤ ਮਾਨ ਨੇ ਉੱਚ ਅਧਿਕਾਰੀਆਂ ਨੂੰ ਹੁਕਮ ਜਾਰੀ ਕੀਤੇ ਹਨ ਕਿ ਟੈਂਡਰ ਹਾਸਲ ਕਰਨ ਵਾਲੀ ਕੰਪਨੀ ਦੀ ਲੀਜ਼ ਦੇ ਟੈਂਡਰਾਂ ਨੂੰ ਰੱਦ ਕਰਨ ਦੀ ਪ੍ਰਕਿਰਿਆ ਸ਼ੁਰੂ ਕੀਤੀ ਜਾਵੇ। ਅਤੇ ਨਵੇਂ ਸਿਰਿਓ ਇਹਨਾਂ ਟੈਂਡਰਾਂ ਨੂੰ ਜਾਰੀ ਕੀਤਾ ਜਾਵੇ। ਪੰਜਾਬ ਹੈਰੀਟੇਜ ਐਂਡ ਟੂਰਿਜ਼ਮ ਪ੍ਰਮੋਸ਼ਨ ਬੋਡਰ ਨੇ ਟੈਂਡਰ ਪ੍ਰਕਿਰਿਆ ਜ਼ਰੀਏ ਗੋਆ ਵਿਚਲੀ ਪੰਜਾਬ ਸਰਕਾਰ ਦੀ ਜਾਇਦਾਦ ਲੀਜ਼ 'ਤੇ ਦਿੱਤੀ ਸੀ ਜੋ ਕਿ ਸੈਰ ਸਪਾਟਾ ਵਿਭਾਗ ਦੀ ਸੰਪਤੀ ਹੈ। 



ਉਸ ਸਮੇਂ ਦੀ ਪੰਜਾਬ ਸਰਕਾਰ ਨੇ 8 ਏਕੜ ਇਸ ਜ਼ਮੀਨ ਨੂੰ 15 ਸਾਲਾਂ ਲਈ ਸਿਰਫ਼ 1.13 ਲੱਖ ਰੁਪਏ ਪ੍ਰਤੀ ਮਹੀਨਾ ਦੇ ਹਿਸਾਬ ਨਾਲ ਅਲਾਟ ਕੀਤਾ ਸੀ। ਮੁੱਖ ਮੰਤਰੀ ਭਗਵੰਤ ਮਾਨ ਨੇ ਪ੍ਰਾਈਵੇਟ ਕੰਪਨੀ ਨੁੰ ਨੋਟਿਸ ਦੇਣ ਲਈ ਕਿਹਾ ਹੈ। ਸਰਕਾਰ ਨੇ ਚਰਚਾ ਕੀਤੀ ਹੈ ਕਿ ਲੀਜ਼ ਰਾਸ਼ੀ ਬਹੁਤ ਹੀ ਘੱਟ ਅਤੇ ਜੋ ਚਰਨਜੀਤ ਸਿੰਘ ਚੰਨੀ ਦੀ ਸਰਕਾਰ ਨੇ ਟੈਂਡਰ ਜਾਰੀ ਕੀਤੇ ਸਨ ਉਹਨਾ ਵਿੱਚ ਕੁਝ ਖਾਮੀਆਂ ਵੀ ਲੱਭੀਆਂ ਹਨ।  


ਇਹ ਵੀ ਪੜ੍ਹੋ : ਭ੍ਰਿਸ਼ਟਾਚਾਰ ਦੇ 2 ਮਾਮਲਿਆਂ 'ਚ ਪੰਜਾਬ ਪੁਲਿਸ ਦਾ DIG ਨਾਮਜ਼ਦ, ਵਿਜੀਲੈਂਸ ਦੀ ਕਾਰਵਾਈ, ABP ਸਾਂਝਾ ਨੇ ਬੀਤੇ ਦਿਨ ਦਿਖਾਈ ਸੀ ਖ਼ਬਰ


                ਅਕਾਲੀ ਦਲ ਦੇ 6 ਵੱਡੇ ਲੀਡਰ ਵਿਜੀਲੈਂਸ ਦੀ ਰਡਾਰ 'ਤੇ, ਅਫ਼ਸਰਾਂ ਨੇ ਕੱਚਾ ਚਿੱਠਾ ਕੀਤਾ ਤਿਆਰ, ਹੁਣ ਤਲਬ ਕਰਨ ਦੀ ਵਾਰੀ !