ਸ਼ੰਕਰ ਦਾਸ ਦੀ ਰਿਪੋਰਟ


ਚੰਡੀਗੜ੍ਹ: HDFC ਬੈਂਕ ਦੇਸ਼ ਦੇ ਸਭ ਤੋਂ ਵੱਡੇ ਬੈਂਕਾਂ ਵਿੱਚੋਂ ਇੱਕ ਹੈ। ਇਹ ਸੇਵਾਵਾਂ ਦੇ ਮਾਮਲੇ ਵਿੱਚ ਵੀ ਬਾਕੀ ਬੈਂਕਾਂ ਨਾਲੋਂ ਅੱਗੇ ਹੈ। ਪੰਜਾਬ ਸਰਕਾਰ  (Punjab Government) ਦੇ ਜਲ ਸਰੋਤ ਵਿਭਾਗ ਨੇ ਆਪਣੇ ਮੁਲਾਜ਼ਮਾਂ ਨੂੰ ਇਸ ਬੈਂਕ ਵਿੱਚ ਖਾਤੇ ਖੁੱਲ੍ਹਵਾਉਣ ਤੋਂ ਮਨ੍ਹਾ ਕਰ ਦਿੱਤਾ ਹੈ। ਜਿਨ੍ਹਾਂ ਮੁਲਾਜ਼ਮਾਂ ਦਾ ਪਹਿਲਾਂ ਹੀ ਇਸ ਬੈਂਕ ਵਿੱਚ ਖਾਤਾ ਹੈ, ਉਨ੍ਹਾਂ ਨੂੰ ਖਾਤਾ ਬੰਦ ਕਰਨ ਲਈ ਕਿਹਾ ਗਿਆ ਹੈ।

HDFC ਬੈਂਕ ਨਾਲ ਖੁੱਲ੍ਹੇ ਸਾਰੇ ਖਾਤਿਆਂ ਨੂੰ ਬੰਦ ਕਰਨ ਸਬੰਧੀ ਇਹ ਹੁਕਮ ਦਿੱਤਾ ਗਿਆ ਹੈ। ਦਰਅਸਲ ਕੁਝ ਮਾਈਨਿੰਗ ਠੇਕੇਦਾਰਾਂ ਦੇ ਕਾਰਨ ਇਹ ਆਦੇਸ਼ ਦੇਣਾ ਪਿਆ ਹੈ। ਉਨ੍ਹਾਂ ਨੂੰ ਬੈਂਕ ਗਾਰੰਟੀਆਂ ਜਾਰੀ ਕੀਤੀਆਂ ਗਈਆਂ ਸਨ। ਇਹ ਆਦੇਸ਼ 22 ਅਗਸਤ, 2022 ਨੂੰ ਕਰਮਚਾਰੀਆਂ ਨੂੰ ਜਾਰੀ ਕੀਤਾ ਗਿਆ ਹੈ। ਇਹ ਆਦੇਸ਼ ਜਲ ਸਰੋਤ ਵਿਭਾਗ ਦੇ ਪ੍ਰਮੁੱਖ ਸਕੱਤਰ ਰਾਹੀਂ ਆਇਆ ਹੈ। ਇਸ 'ਚ ਇਹ ਕਦਮ ਚੁੱਕਣ ਦਾ ਕਾਰਨ ਦੱਸਿਆ ਗਿਆ ਹੈ।

ਵਿਭਾਗ ਨੇ ਕਿਹਾ ਹੈ ਕਿ ਕੁਝ ਕਾਰਜਕਾਰੀ ਇੰਜਨੀਅਰਾਂ ਤੇ ਜ਼ਿਲ੍ਹਾ ਮਾਈਨਿੰਗ ਅਧਿਕਾਰੀਆਂ ਦੇ ਧਿਆਨ ਵਿੱਚ ਇੱਕ ਅਹਿਮ ਮਾਮਲਾ ਆਇਆ ਹੈ। ਯਾਨੀ HDFC ਬੈਂਕ ਨੇ ਕੁਝ ਮਾਈਨਿੰਗ ਠੇਕੇਦਾਰਾਂ ਨੂੰ ਬੈਂਕ ਗਾਰੰਟੀ ਜਾਰੀ ਕੀਤੀ ਸੀ। ਇਹ ਠੇਕੇਦਾਰ ਸੂਬਾ ਸਰਕਾਰ ਨੂੰ ਅਦਾਇਗੀਆਂ ਕਰਨ ਵਿੱਚ ਡਿਫਾਲਟਰ ਹਨ। ਜਦੋਂ ਵਿਭਾਗ ਦੇ ਅਧਿਕਾਰੀ ਬੈਂਕ ਗਾਰੰਟੀ ਨੂੰ ਕੈਸ਼ ਕਰਵਾਉਣ ਲਈ ਆਏ ਤਾਂ ਬੈਂਕ ਨੇ ਕੋਈ ਨਾ ਕੋਈ ਕਾਰਨ ਦੱਸ ਕੇ ਅਜਿਹਾ ਕਰਨ ਤੋਂ ਇਨਕਾਰ ਕਰ ਦਿੱਤਾ।

 

 ਇਹ ਵੀ ਪੜ੍ਹੋ : Gangwar in Punjab : ਪੰਜਾਬ 'ਚ ਗੈਂਗਵਾਰ ਦਾ ਖਤਰਾ, ਕੇਂਦਰ ਸਰਕਾਰ ਦੇ ਅਲਰਟ ਮਗਰੋਂ ਪੰਜਾਬ ਪੁਲਿਸ ਚੌਕਸ

ਹੁਕਮਾਂ ਅਨੁਸਾਰ ਇਸ ਦੇ ਮੱਦੇਨਜ਼ਰ ਇਹ ਫੈਸਲਾ ਕੀਤਾ ਗਿਆ ਹੈ ਕਿ ਐਚਡੀਐਫਸੀ ਬੈਂਕ ਵਿੱਚ ਕੋਈ ਵੀ ਬੈਂਕ ਖਾਤਾ ਨਹੀਂ ਰੱਖਿਆ ਜਾਵੇਗਾ। ਜਿਨ੍ਹਾਂ ਕਰਮਚਾਰੀਆਂ ਸੈਲਰੀ ਖਾਤੇ ਐਚਡੀਐਫਸੀ ਬੈਂਕ ਵਿੱਚ ਖੁੱਲ੍ਹੇ ਹਨ, ਉਨ੍ਹਾਂ ਨੂੰ ਵਿਭਾਗ ਦੇ ਵਡੇਰੇ ਹਿੱਤਾਂ ਦੇ ਮੱਦੇਨਜ਼ਰ ਬੰਦ ਕਰਨ ਦੀ ਅਪੀਲ ਕੀਤੀ ਗਈ ਹੈ। ਇਨ੍ਹਾਂ ਮੁਲਾਜ਼ਮਾਂ ਨੂੰ ਕਿਹਾ ਗਿਆ ਹੈ ਕਿ ਉਹ ਆਪਣੀ ਮਰਜ਼ੀ ਦੇ ਕਿਸੇ ਹੋਰ ਬੈਂਕ ਵਿੱਚ ਆਪਣਾ ਸੈਲਰੀ ਖਾਤਾ ਖੁੱਲ੍ਹਵਾਉਣ। ਜਲ ਸਰੋਤ ਵਿਭਾਗ ਨੇ ਇਹ ਹੁਕਮ ਆਪਣੇ ਸਾਰੇ ਮੁੱਖ ਇੰਜਨੀਅਰਾਂ, ਕਾਰਜਕਾਰੀ ਇੰਜਨੀਅਰਾਂ, ਸੁਪਰਡੈਂਟ ਇੰਜੀਨੀਅਰਾਂ ਨੂੰ ਦਿੱਤੇ ਹਨ। ਇਸ ਦੀ ਇੱਕ ਕਾਪੀ ਪ੍ਰਮੁੱਖ ਸਕੱਤਰ, ਵਿੱਤ ਤੇ ਸਾਰੇ ਪ੍ਰਸ਼ਾਸਨਿਕ ਸਕੱਤਰਾਂ ਨੂੰ ਵੀ ਭੇਜੀ ਗਈ ਹੈ।