ਰਮਨਦੀਪ ਕੌਰ ਦੀ ਰਿਪੋਰਟ


ਚੰਡੀਗੜ੍ਹ: ਕੋਰੋਨਾ ਵਾਇਰਸ ਦੌਰਾਨ ਲੱਗਾ ਲੌਕਡਾਊਨ ਸਰਕਾਰੀ ਸਕੂਲਾਂ 'ਚ ਬੱਚਿਆਂ ਦਾ ਦਾਖ਼ਲਾ ਵਧਾਉਣ 'ਚ ਸਹਾਈ ਸਿੱਧ ਹੋਇਆ। ਹਾਲਾਂਕਿ ਹੁਣ ਸਰਕਾਰੀ ਸਕੂਲਾਂ 'ਚ ਇੰਫ੍ਰਾਸਟਰਕਚਰ ਵੀ ਪਹਿਲਾਂ ਨਾਲੋਂ ਬਿਹਤਰ ਹੋ ਰਿਹਾ ਹੈ।


ਪੰਜਾਬ ਦੇ ਸਰਕਾਰੀ ਸਕੂਲਾਂ 'ਚ 2020-21 ਸੈਸ਼ਨ ਲਈ ਹੁਣ ਤਕ 2,07,486 ਬੱਚੇ ਵਧੇ ਹਨ। ਜਦਕਿ 2019-20 'ਚ ਪ੍ਰਾਇਮਰੀ ਤੇ ਪ੍ਰੀ ਪ੍ਰਾਇਮਰੀ ਤੋਂ ਲੈਕੇ 12ਵੀਂ ਤਕ 23,52,112 ਬੱਚੇ ਪੜ੍ਹ ਰਹੇ ਸਨ। ਹੁਣ ਇਹ ਗ੍ਰਾਫ ਵਧ ਕੇ 25,59,598 ਤੇ ਪਹੁੰਚ ਗਿਆ। ਪਿਛਲੇ ਸਾਲ ਦੇ ਮੁਕਾਬਲੇ ਇਹ ਸੰਖਿਆ 8.42 ਫੀਸਦ ਜ਼ਿਆਦਾ ਹੈ।


ਮੌਜੂਦਾ ਸਮੇਂ ਵੀ ਸਰਕਾਰੀ ਸਕੂਲਾਂ 'ਚ ਐਨਰੋਲਮੈਂਟ ਚੱਲ ਰਹੀ ਹੈ। ਸਰਕਾਰੀ ਸਕੂਲਾਂ 'ਚ ਦਾਖਲਾ ਵਧਾਉਣ 'ਚ ਮੁਹਾਲੀ ਦਾ ਪਹਿਲਾ ਨੰਬਰ ਰਿਹਾ ਹੈ। ਦੂਜੇ ਨੰਬਰ 'ਤੇ ਫਤਹਿਗੜ੍ਹ ਸਾਹਿਬ ਤੇ ਤੀਜੇ 'ਤੇ ਲੁਧਿਆਣਾ ਰਿਹਾ।


ਦਰਅਸਲ ਢਾਈ ਮਹੀਨੇ ਤੋਂ ਕਾਰੋਬਾਰ ਠੱਪ ਹੋਣ ਕਾਰਨ ਕਈ ਲੋਕ ਆਰਥਿਕ ਮੰਦੀ ਦਾ ਸ਼ਿਕਾਰ ਹੋਏ ਹਨ। ਅਜਿਹੇ 'ਚ ਪ੍ਰਾਈਵੇਟ ਸਕੂਲਾਂ ਦੀ ਭਾਰੀ ਭਰਕਮ ਫੀਸ ਭਰਨ ਤੋਂ ਮਾਪੇ ਬੇਵੱਸ ਹਨ। ਅਜਿਹੇ 'ਚ ਪ੍ਰਾਈਵੇਟ ਸਕੂਲਾਂ 'ਚ ਪੜ੍ਹਾਉਣ ਦੀ ਥਾਂ ਮਾਪਿਆਂ ਨੇ ਸਰਕਾਰੀ ਸਕੂਲਾਂ ਦਾ ਰੁਖ਼ ਕੀਤਾ ਹੈ।


ਹੁਣ ਸਰਕਾਰੀ ਸਕੂਲ ਵੀ ਡਿਜੀਟਲ ਵੱਲ ਵਧ ਰਹੇ ਹਨ। ਜ਼ਿਆਦਾਕਰ ਸਕੂਲਾਂ 'ਚ ਸਮਾਰਟ ਕਲਾਸਰੂਮ 'ਚ ਪੜ੍ਹਾਈ ਕਰਾਈ ਜਾ ਰਹੀ ਹੈ। ਸਰਕਾਰੀ ਸਕੂਲਾਂ 'ਚ ਅੰਗਰੇਜ਼ੀ ਮਾਧਿਆਮ ਪੜ੍ਹਾਈ ਨੇ ਵੀ ਮਾਪਿਆਂ ਨੂੰ ਆਪਣੇ ਵੱਲ ਖਿੱਚਿਆ ਹੈ।