Punjab News: ਵਿੱਤੀ ਸੰਕਟ ਨਾਲ ਜੂਝ ਰਹੀ ਸੂਬਾ ਸਰਕਾਰ ਨੇ ਪੈਟਰੋਲ, ਡੀਜ਼ਲ ਅਤੇ ਵੈਟ ਵਧਾਉਣ ਦਾ ਫੈਸਲਾ ਕੀਤਾ ਹੈ। ਪੈਟਰੋਲ 'ਤੇ ਵੈਟ 'ਚ 61 ਪੈਸੇ ਅਤੇ ਡੀਜ਼ਲ 'ਤੇ 92 ਪੈਸੇ ਦਾ ਵਾਧਾ ਕੀਤਾ ਗਿਆ ਹੈ। ਇਸ ਤੋਂ ਬਾਅਦ ਬਠਿੰਡਾ ਤੋਂ ਸੰਸਦ ਮੈਂਬਰ ਹਰਸਿਮਰਤ ਬਾਦਲ ਨੇ ਕਿਹਾ ਕਿ ਫੋਕੀਆਂ ਇਸ਼ਤਿਹਾਰਬਾਜ਼ੀਆਂ ਦਾ ਖ਼ਰਚਾ ਪੰਜਾਬੀਆਂ ਦੇ ਸਿਰ ਮੜ੍ਹਿਆ ਜਾ ਰਿਹਾ ਹੈ।


ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਆਮ ਆਦਮੀ ਪਾਰਟੀ ਪਹਿਲਾਂ ਵੱਡੀਆਂ-ਵੱਡੀਆਂ ਗਾਰੰਟੀਆਂ ਦਿੰਦੀ ਸੀ ਪਰ ਹੁਣ ਹੋਏ ਸੈਸ਼ਨ ਵਿੱਚ ਪੰਜਾਬੀਆਂ ਬਾਰੇ ਕੋਈ ਗੱਲ ਹੀ ਨਹੀਂ ਹੋਈ। ਨਸ਼ਾ ਪੰਜਾਬ ਦੇ ਪਿੰਡ-ਪਿੰਡ ਵਿੱਚ ਪਹੁੰਚ ਚੁੱਕਿਆ ਹੈ, ਕਾਨੂੰਨ ਵਿਵਸਥਾ ਦਾ ਤਾਂ ਇਹ ਹਾਲ ਹੈ ਕਿ ਮੁੱਖ ਮੰਤਰੀ ਨੂੰ ਖ਼ੁਦ ਬੁਲਟ ਪਰੂਫ ਸ਼ੀਸ਼ਾ ਲਾ ਕੇ ਭਾਸ਼ਣ ਦੇਣਾ ਪਿਆ ਹੈ।


ਬਾਦਲ ਨੇ ਕਿਹਾ ਕਿ ਫੋਕੇ ਇਸ਼ਤਿਹਾਰਾਂ ਕਰਕੇ ਪੰਜਾਬ ਦੇ ਲੋਕਾਂ ਦੇ ਸਿਰ ਕਰਜ਼ਾ ਚੜ੍ਹਾਇਆ ਜਾ ਰਿਹਾ ਹੈ। ਪੰਜਾਬ ਦੇ ਲੋਕਾਂ ਨੂੰ ਗੱਲਾਂ ਤੋਂ ਇਲਾਵਾ ਕੀ ਮਿਲਿਆ ਹੈ। ਹੁਣ ਪੈਟਰੋਲ-ਡੀਜ਼ਲ ਦੇ ਰੇਟ ਵਧਾ ਦਿੱਤਾ ਹੈ ਜਿਸ ਨਾਲ ਹਰ ਚੀਜ਼ ਦੀ ਮਹਿੰਗਾਈ ਵਧੇਗੀ।


ਬਾਦਲ ਨੇ ਕਿਹਾ ਕਿ ਪੈਟਰੋਲ 61 ਪੈਸੇ ਅਤੇ ਡੀਜ਼ਲ 92 ਪੈਸੇ ਪ੍ਰਤੀ ਲੀਟਰ ਮਹਿੰਗਾ ਕਰਕੇ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬੀਆਂ ਦੀ ਜੇਬ ਕੱਟੇਗੀ। ਪੰਜਾਬ ਉੱਪਰ ਕਰਜੇ ਦਾ ਬੋਝ ਦਿਨੋਂ ਦਿਨ ਵੱਧ ਰਿਹਾ ਹੈ ਤੇ ਸਰਕਾਰ ਖਜ਼ਾਨਾ ਆਪਣੀਆਂ ਮਸ਼ਹੂਰੀਆ ਲਈ ਵਰਤ ਰਹੀ ਹੈ। ਪੰਜਾਬ ਦੇ ਜਹਾਜ਼ ਹਰਿਆਣੇ 'ਚ ਪ੍ਰਚਾਰ ਲਈ ਵਰਤ ਕੇ ਪੰਜਾਬ ਦੇ ਖ਼ਜ਼ਾਨੇ 'ਤੇ ਬੇਲੋੜਾ ਬੋਝ ਪਾਇਆ ਜਾਂ ਰਿਹਾ ਹੈ।






ਕੈਗ ਦੀ ਰਿਪੋਰਟ ਨੇ ਵੀ ਦੱਸ ਦਿੱਤਾ ਕਿ ਪੰਜਾਬ ਬਰਬਾਦੀ ਵੱਲ ਵੱਧ ਰਿਹਾ ਹੈ ਪਰ ਭਗਵੰਤ ਮਾਨ ਤੇ ਉਸਦੀ ਸਰਕਾਰ ਨੂੰ ਆਪਣੀ ਫਿਕਰ ਹੈ ਪਰ ਪੰਜਾਬ ਦੀ ਨਹੀਂ। ਸਰਕਾਰ ਇਹ ਵਾਧਾ ਵਾਪਿਸ ਲਵੇ ਤੇ ਆਪਣੀ ਫਜੂਲ ਖਰਚੀ ਬੰਦ ਕਰੇ।


ਜ਼ਿਕਰ ਕਰ ਦਈਏ ਕਿ ਪੰਜਾਬ ਸਰਕਾਰ ਨੇ ਪੈਟਰੋਲ 'ਤੇ ਵੈਟ 'ਚ 61 ਪੈਸੇ ਅਤੇ ਡੀਜ਼ਲ 'ਤੇ 92 ਪੈਸੇ ਦਾ ਵਾਧਾ ਕੀਤਾ ਗਿਆ ਹੈ। ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਇਸ ਨਾਲ ਸਰਕਾਰ ਨੂੰ ਪੈਟਰੋਲ ਤੋਂ 150 ਕਰੋੜ ਰੁਪਏ ਅਤੇ ਡੀਜ਼ਲ ਤੋਂ 392 ਕਰੋੜ ਰੁਪਏ ਦੀ ਵਾਧੂ ਆਮਦਨ ਹੋਵੇਗੀ। ਮਹਿੰਗਾਈ ਦਾ ਬੋਝ ਲੋਕਾਂ 'ਤੇ ਥੋਪਣ ਦੇ ਸਵਾਲ 'ਤੇ ਚੀਮਾ ਨੇ ਕਿਹਾ ਕਿ ਇਸ ਤੋਂ ਆਉਣ ਵਾਲਾ ਪੈਸਾ ਪੰਜਾਬ ਦੇ ਵਿਕਾਸ 'ਤੇ ਹੀ ਖਰਚ ਕੀਤਾ ਜਾਵੇਗਾ।