Giddarbaha By-elections: ਪੰਜਾਬ ਵਿੱਚ ਚਾਰ ਵਿਧਾਨ ਸਭਾ ਹਲਿਕਿਆਂ ਲਈ ਜ਼ਿਮਨੀ ਚੋਣਾਂ ਹਾਲੇ ਪੈਂਡਿੰਗ ਹਨ ਪਰ ਉਸ ਤੋਂ ਪਹਿਲਾਂ ਸਿਆਸੀ ਸਰਗਰਮੀਆਂ ਵੱਧ ਗਈਆਂ ਹਨ। ਇਹਨਾਂ ਵਿਚੋਂ ਸਭ ਤੋਂ ਹਾਈ ਪ੍ਰੋਫਾਇਲ ਸੀਟ ਗਿੱਦੜਬਾਹਾ ਦੀ ਮੰਨੀ ਜਾ ਰਹੀ ਹੈ। 


ਗਿੱਦਬਾਹਾ ਸੀਟ ਤੋਂ ਹੁਣ ਵਾਰਿਸ ਪੰਜਾਬ ਦੇ ਸੰਸਥਾਪਕ ਮਰਹੂਮ ਅਦਾਕਾਰ ਦੀਪ ਸਿੱਧੂ ਦੇ ਭਰਾ ਮਨਦੀਪ ਸਿੱਧੂ ਨੇ ਵੀ ਇਸ ਸੀਟ ਤੋਂ ਚੋਣ ਲੜਨ ਦਾ ਮੰਨ ਬਣਾ ਲਿਆ ਹੈ। ਮਨਦੀਪ ਸਿੱਧੂ ਨੇ ਗਿੱਦੜਬਾਹਾ ਹਲਕੇ ਵਿੱਚ ਆਪਣੀਆਂ ਸਰਗਮੀਆਂ ਵੀ ਵਧਾ ਦਿੱਤੀਆਂ ਹਨ। 


ਮਨਦੀਪ ਸਿੱਧੂ ਵੱਲੋਂ ਚੁੱਪ ਚਪੀਤੇ ਪਿਛਲੇ ਕੁਝ ਦਿਨਾਂ ਤੋਂ  ਗਿੱਦੜਬਾਹਾ ਵਿੱਚ ਨੁੱਕੜ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ। ਪਰ ਹਾਲੇ ਤੱਕ ਉਹਨਾ ਨੇ ਸਾਹਮਣੇ ਆ ਕੇ ਆਪਣੀ ਦਾਅਵੇਦਾਰੀ ਪੇਸ਼ ਨਹੀਂ ਕੀਤੀ। 


ਓਧਰ ਫਰੀਦਕੋਟ ਤੋਂ ਆਜ਼ਾਦ ਐਮਪੀ ਸਰਬਜੀਤ ਸਿੰਘ ਖਾਲਸਾ ਨੇ ਬੀਤੇ ਦਿਨੀ ਇੱਕ ਨਿੱਜੀ ਚੈਨਲ ਨੂੰ ਦਿੱਤੀ ਇੰਟਰਵੀਊ ਵਿੱਚ ਕਿਹਾ ਸੀ ਕਿ ਉਹ ਮਨਦੀਪ ਸਿੱਧੂ ਨੂੰ ਗਿੱਦੜਬਾਹਾ ਤੋਂ ਚੋਣ ਮੈਦਾਨ ਵਿੱਚ ਉਤਾਰਨਗੇ। 


ਇਹਨਾਂ ਤੋਂ ਪਹਿਲਾਂ ਗੋਲੀਕਾਂਡ ਦੇ ਪੀੜਤ ਭਾਈ ਸੁਖਰਾਜ ਸਿੰਘ ਨਿਆਂਮੀਵਾਲਾ ਨੇ ਵੀ ਗਿੱਦੜਬਾਹਾ ਤੋਂ ਚੋਣ ਲੜਨ ਦਾ ਐਲਾਨ ਕੀਤਾ ਹੈ। ਉਹਨਾਂ ਨੇ ਦਾਅਵਾ ਕੀਤਾ ਸੀ ਕਿ ਬੇਅਦਬੀ ਅਤੇ ਗੋਲੀਕਾਂਡ ਦਾ ਇਨਸਾਫ਼ ਲੈਣ ਦੇ ਲਾਈ ਸਾਨੂੰ ਆਪ ਵਿਧਾਨ ਸਭਾ ਪਹੁੰਚਣਾ ਪਵੇਗਾ। 


ਦੂਜੇ ਪਾਸੇ ਹਾਲੇ ਕਾਂਗਰਸ ਐਨੀ ਐਕਟਿਵ ਨਹੀਂ ਹੋਈ ਪਰ ਅਕਾਲੀ ਦਲ ਨੇ ਮੋਰਚਾ ਸਾਂਭ ਲਿਆ ਹੈ।  ਸੁਖਬੀਰ ਬਾਦਲ ਨੂੰ ਤਨਖ਼ਾਹੀਆ ਕਰਾਰ ਦਿੱਤੇ ਜਾਣ ਤੋਂ ਬਾਅਦ ਹੁਣ ਇਸ ਸੀਟ ਦੀ ਜ਼ਿੰਮੇਵਾਰੀ ਉਨ੍ਹਾਂ ਦੀ ਪਤਨੀ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਦੇ ਹੱਥ ਆ ਗਈ ਹੈ।  


ਵਿਧਾਨ ਸਭਾ ਹਲਕਾ ਗਿੱਦੜਬਾਹਾ ਲੰਮੇ ਸਮੇਂ ਤੋਂ ਅਕਾਲੀ ਦਲ ਦਾ ਗੜ੍ਹ ਰਿਹਾ ਹੈ। ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਸਾਂਸਦ ਬਣਨ ਤੋਂ ਬਾਅਦ ਅਕਾਲੀ ਦਲ ਜ਼ਿਮਨੀ ਚੋਣਾਂ 'ਚ ਮੁੜ ਕਾਬਜ਼ ਹੋਣ ਦੀ ਕੋਸ਼ਿਸ਼ ਕਰ ਰਿਹਾ ਹੈ। ਪਰ ਸੁਖਬੀਰ ਬਾਦਲ ਨੂੰ ਤਨਖ਼ਾਹੀਆ ਕਰਾਰ ਦਿੱਤੇ ਜਾਣ ਤੋਂ ਬਾਅਦ ਪਾਰਟੀ ਦੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਭੂੰਦੜ ਨੇ ਚੋਣ ਪ੍ਰਚਾਰ ਦੀ ਕਮਾਨ ਹਰਸਿਮਰਤ ਕੌਰ ਬਾਦਲ ਨੂੰ ਸੌਂਪ ਦਿੱਤੀ ਹੈ।