ਚੰਡੀਗੜ੍ਹ: ਪੰਜਾਬ ਸਰਕਾਰ ਨੇ ਤੇਜ਼ੀ ਨਾਲ ਵਧ ਰਹੇ ਕਰੋਨਾ ਕੇਸਾਂ ਦੇ ਮੱਦੇਨਜ਼ਰ ਸੂਬੇ ’ਚ ਅਜਾਇਬ ਘਰ 10 ਅਪਰੈਲ ਤੱਕ ਬੰਦ ਰੱਖਣ ਦਾ ਫੈਸਲਾ ਕੀਤਾ ਹੈ। ਸਰਕਾਰੀ ਬੁਲਾਰੇ ਨੇ ਆਖਿਆ ਕਿ ਸਰਕਾਰ ਦੀਆਂ ਹਦਾਇਤਾਂ ’ਤੇ ਹਿੱਤ ਆਨੰਦਪੁਰ ਸਾਹਿਬ ਵਿਖੇ ਸਥਿਤ ਵਿਰਾਸਤ-ਏ-ਖਾਲਸਾ ਨੂੰ ਫੌਰੀ ਬੰਦ ਕਰਨ ਦੇ ਹੁਕਮ ਹਨ ਤੇ ਇਥੇ ਆਮ ਲੋਕਾਂ ਦੇ ਦਾਖ਼ਲੇ ’ਤੇ ਪਾਬੰਦੀ ਹੋਵੇਗੀ।
ਇਸੇ ਦੌਰਾਨ ਸ੍ਰੀ ਆਨੰਦਪੁਰ ਸਾਹਿਬ ਵਿਖੇ ਮੱਥਾ ਟੇਕਣ ਆਉਣ ਵਾਲੇ ਸ਼ਰਧਾਲੂਆਂ ਦੇ ਇੱਕ ਥਾਂ ’ਤੇ ਵੱਡੀ ਗਿਣਤੀ ਵਿੱਚ ਇਕੱਠੇ ਹੋਣ ਦੀ ਮਨਾਈ ਹੋਵੇਗੀ। ਪੰਜਾਬ ਦੇ ਸੈਰ ਸਪਾਟਾ ਤੇ ਸੱਭਿਆਚਾਰਕ ਮਾਮਲਿਆਂ ਦੇ ਵਧੀਕ ਮੁੱਖ ਸਕੱਤਰ ਸੰਜੇ ਕੁਮਾਰ ਨੇ ਕਿਹਾ ਕਿ ਰਾਜ ਅੰਦਰ ਕਰੋਨਾ ਦੇ ਕੇਸ ਤੇਜ਼ੀ ਨਾਲ ਵੱਧ ਰਹੇ ਹਨ ਅਤੇ ਇਨ੍ਹਾਂ ਨੂੰ ਰੋਕਣ ਲਈ ਸਖਤ ਕਦਮ ਚੁੱਕਣ ਦੀ ਲੋੜ ਹੈ। ਇਸ ਲਈ ਸਮੂਹ ਯਾਦਗਾਰਾਂ ਤੇ ਅਜਾਇਬ ਘਰ ਬੰਦ ਰੱਖਣ ਦਾ ਫੈਸਲਾ ਕੀਤਾ ਗਿਆ ਹੈ।
ਦੱਸ ਦਈਏ ਕਿ ਪੰਜਾਬ ਵਿੱਚ ਕਰੋਨਾ ਕਾਰਨ ਲੰਘੇ ਇੱਕ ਦਿਨ ਦੌਰਾਨ 43 ਹੋਰ ਮੌਤਾਂ ਹੋਈਆਂ ਤੇ 2700 ਨਵੇਂ ਕੇਸ ਵੀ ਸਾਹਮਣੇ ਆਏ ਹਨ। ਸੂਬੇ ਵਿੱਚ ਕਰੋਨਾ ਕਾਰਨ ਹੁਣ ਤੱਕ 6,517 ਵਿਅਕਤੀ ਦੀ ਮੌਤ ਹੋ ਚੁੱਕੀ ਹੈ। ਸਿਹਤ ਵਿਭਾਗ ਮੁਤਾਬਕ ਸੂਬੇ ਵਿੱਚ ਹੁਣ ਤੱਕ 2.22 ਲੱਖ ਤੋਂ ਵੱਧ ਵਿਅਕਤੀ ਲਾਗ ਦਾ ਸ਼ਿਕਾਰ ਹੋਏ ਹਨ, ਜਿਨ੍ਹਾਂ ਵਿੱਚੋਂ 1.95 ਲੱਖ ਤੋਂ ਵੱਧ ਮਰੀਜ਼ ਠੀਕ ਵੀ ਹੋ ਚੁੱਕੇ ਹਨ ਹਨ, ਜਦਕਿ 21,405 ਜ਼ੇਰੇ ਇਲਾਜ ਹਨ।
ਲੰਘੇ 24 ਘੰਟਿਆਂ ’ਚ ਹੋਈਆਂ 43 ਮੌਤਾਂ ਵਿੱਚੋਂ ਜਲੰਧਰ ’ਚ 11, ਨਵਾਂ ਸ਼ਹਿਰ 8, ਲੁਧਿਆਣਾ 7, ਹੁਸ਼ਿਆਰਪੁਰ 6, ਅੰਮ੍ਰਿਤਸਰ, ਮੁਹਾਲੀ ਤਰਨ ਤਾਰਨ ਤੇ ਪਟਿਆਲਾ ’ਚ 2-2 ਜਦਕਿ ਸੰਗਰੂਰ, ਗੁਰਦਾਸਪੁਰ ਤੇ ਫ਼ਿਰੋਜ਼ਪੁਰ ’ਚ ਇੱਕ ਇੱਕ ਵਿਅਕਤੀ ਦੀ ਮੌਤ ਹੋਈ ਹੈ।