ਲੁਧਿਆਣਾ: ਆਰ.ਐਸ.ਐਸ. ਆਗੂ ਰਵਿੰਦਰ ਗੋਸਾਈਂ ਦੇ ਪਰਿਵਾਰ ਨੂੰ ਹੌਸਲਾ ਦੇਣ ਲਈ ਪੰਜਾਬ ਦੇ ਰਾਜਪਾਲ ਵੀ.ਪੀ. ਸਿੰਘ ਬਦਨੌਰ ਤੇ ਭਾਜਪਾ ਨੇਤਾ ਵਿਨੀਤ ਜੋਸ਼ੀ ਲੁਧਿਆਣਾ ਪਹੁੰਚੇ। ਵੈਸੇ ਤਾਂ ਇਸ ਮੀਟਿੰਗ ਤੋਂ ਮੀਡੀਆ ਨੂੰ ਦੂਰ ਰੱਖਿਆ ਗਿਆ ਪਰ ਬਾਅਦ ਵਿੱਚ ਵਿਨੀਤ ਜੋਸ਼ੀ ਮੀਡੀਆ ਨਾਲ ਗੱਲਬਾਤ ਕਰਨ ਲਈ ਬਾਹਰ ਆ ਗਏ। ਜੋਸ਼ੀ ਨੇ ਰਵਿੰਦਰ ਗੋਸਾਈਂ ਦੇ ਕਤਲ ਨੂੰ ਪੰਜਾਬ ਵਿੱਚ ਅੱਤਵਾਦ ਦੀ ਵਾਪਸੀ ਦੇ ਸ਼ੁਰੂਆਤੀ ਸੰਕੇਤ ਕਰਾਰ ਦਿੱਤਾ।
ਭਾਜਪਾ ਨੇਤਾ ਦਾ ਕਹਿਣਾ ਹੈ ਕਿ ਕਾਂਗਰਸ ਪੰਜਾਬ ਵਿੱਚ ਮੁੜ ਤੋਂ ਅੱਤਵਾਦ ਲਿਆ ਰਹੀ ਹੈ। ਉਨ੍ਹਾਂ ਕਿਹਾ ਕਿ 1984 ਦਾ ਅੱਤਵਾਦ ਵਾਲਾ ਦੌਰ ਵੀ ਕਾਂਗਰਸ ਦੀ ਹੀ ਦੇਣ ਸੀ। ਜੋਸ਼ੀ ਨੇ ਕਿਹਾ ਕਿ ਪੰਜਾਬ ਵਿੱਚ ਕਈ ਥਾਵਾਂ 'ਤੇ 2020 ਖਾਲਿਸਤਾਨ ਵਾਲੇ ਬੋਰਡ ਲੱਗ ਰਹੇ ਹਨ।
ਜੋਸ਼ੀ ਨੇ ਕੈਪਟਨ ਨੂੰ ਅਪੀਲ ਕੀਤੀ ਕਿ ਉਹ ਪੰਜਾਬ ਨੂੰ ਮੁੜ ਤੋਂ ਕਾਲੇ ਦੌਰ ਵਿੱਚ ਨਾ ਧੱਕਣ। ਉਨ੍ਹਾਂ ਕਿਹਾ ਕਿ ਗੋਸਾਈਂ ਦੇ ਕਤਲ 'ਤੇ ਸਾਰੀਆਂ ਪਾਰਟੀਆਂ ਨੂੰ ਇਕਜੁੱਟ ਹੋ ਜਾਣਾ ਚਾਹੀਦਾ ਹੈ ਤਾਂ ਜੋ ਪੰਜਾਬ ਦਾ ਸੁਖਾਵਾਂ ਮਾਹੌਲ ਬਰਕਰਾਰ ਰੱਖਿਆ ਜਾ ਸਕੇ।