ਅਕਾਲੀ ਲੀਡਰ 'ਤੇ ਹਮਲੇ ਮਗਰੋਂ ਸੁਖਬੀਰ ਬਾਦਲ ਨੂੰ ਜਾਪੀ ਅਮਨ-ਕਾਨੂੰਨ ਦੀ ਹਾਲਤ ਖ਼ਰਾਬ
ਏਬੀਪੀ ਸਾਂਝਾ | 23 Oct 2017 01:08 PM (IST)
ਅੰਮ੍ਰਿਤਸਰ: ਅਕਾਲੀ ਦਲ ਦੇ ਪ੍ਰਧਾਨ ਤੇ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਬਾਦਲ ਅੱਜ ਆਪਣੀ ਪਤਨੀ ਤੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਸਮੇਤ ਹਰਿਮੰਦਰ ਸਾਹਿਬ ਨਤਮਸਤਕ ਹੋਣ ਲਈ ਆਏ। ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਸ਼੍ਰੋਮਣੀ ਕਮੇਟੀ ਮੈਂਬਰ ਦਿਆਲ ਸਿੰਘ ਕੋਲਿਆਂਵਾਲੀ ਦੇ ਪੁੱਤਰ ਪਰਮਿੰਦਰ ਸਿੰਘ 'ਤੇ ਹੋਏ ਹਮਲੇ ਤੋਂ ਬਾਅਦ ਸੂਬੇ ਵਿੱਚ ਅਮਨ ਕਾਨੂੰਨ ਦੀ ਹਾਲਤ 'ਤੇ ਚਿੰਤਾ ਪ੍ਰਗਟਾਈ। ਸੁਖਬੀਰ ਬਾਦਲ ਨੇ ਕਿਹਾ ਕਿ ਪੰਜਾਬ ਵਿੱਚ ਨਿੱਤ ਦਿਨ ਸ਼ਰ੍ਹੇਆਮ ਕਤਲ ਹੋ ਰਹੇ ਹਨ, ਕਦੇ ਪਾਦਰੀ ਤੇ ਕੋਈ ਹੋਰ ਧਾਰਮਿਕ ਨੇਤਾ ਦੇ ਕਤਲ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਹੁਣ ਕਾਂਗਰਸੀਆਂ ਨੇ ਅਕਾਲੀ ਵਰਕਰਾਂ 'ਤੇ ਵੀ ਸਿੱਧੇ ਹਮਲੇ ਸ਼ੁਰੂ ਕਰ ਦਿੱਤੇ ਹਨ। ਸੁਖਬੀਰ ਬਾਦਲ ਕਾਂਗਰਸ 'ਤੇ ਹਮਲੇ ਕਰਨ ਵੇਲੇ ਸ਼ਾਇਦ ਇਹ ਭੁੱਲ਼ ਗਏ ਕਿ ਛੇ ਮਹੀਨੇ ਪਹਿਲਾਂ ਉਨ੍ਹਾਂ ਦੇ ਰਾਜ ਵਿੱਚ ਹੀ ਇਹੀ ਸਭ ਹੋ ਰਿਹਾ ਸੀ। ਦੱਸ ਦੇਈਏ ਕਿ 3 ਅਪ੍ਰੈਲ, 2016 ਨੂੰ ਅਕਾਲੀ-ਭਾਜਪਾ ਸਰਕਾਰ ਸਮੇਂ ਨਾਮਧਾਰੀ ਸੰਪਰਦਾ ਦੀ ਮਾਤਾ ਚੰਦ ਕੌਰ ਦਾ ਕਤਲ ਮੋਟਰਸਾਈਕਲ ਹਮਲਾਵਰਾਂ ਵੱਲੋਂ ਕੀਤਾ ਗਿਆ ਸੀ ਜਿਸ ਦੇ ਕਾਤਲ ਅਜੇ ਤੱਕ ਫਰਾਰ ਸਨ। ਲੁਧਿਆਣਾ ਨਜ਼ਦੀਕ ਪੈਂਦੇ ਖੰਨਾ ‘ਚ ਸ਼ਿਵ ਸੈਨਾ ਨੇਤਾ ਦੁਰਗਾ ਦਾਸ ਗੁਪਤਾ ਦਾ ਵੀ ਕਤਲ ਕਰ ਦਿੱਤਾ ਗਿਆ ਸੀ ਪਰ ਜਿਸ ਪਿੱਛੇ ਵੀ ਪੁਲਿਸ ਦੀ ਨਾਕਾਮੀ ਸਾਫ਼ ਤੌਰ ‘ਤੇ ਨਜ਼ਰ ਆਉਂਦੀ ਹੈ। ਇਨ੍ਹਾਂ ਤੋਂ ਬਿਨਾ 6 ਅਗਸਤ 2016 ਨੂੰ ਆਰ.ਐਸ.ਐਸ. ਦੇ ਲੀਡਰ ਜਗਦੀਸ਼ ਗਗਨੇਜਾ ਦੀ ਜਲੰਧਰ ‘ਚ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ ਪਰ ਪੁਲਿਸ ਇੱਥੇ ਵੀ ਹੁਣ ਤੱਕ ਫੇਲ੍ਹ ਰਹੀ ਹੈ। ਲੁਧਿਆਣਾ ਨੇੜੇ ਹੀ 18 ਮਈ, 2016 ਨੂੰ ਸਿੱਖ ਪ੍ਰਚਾਰਕ ਰਣਜੀਤ ਸਿੰਘ ਢੱਢਰੀਆਂ ਵਾਲੇ ਦੇ ਕਾਫ਼ਲੇ ‘ਤੇ ਹਮਲਾ ਕਰ ਦਿੱਤਾ ਗਿਆ ਸੀ ਜਿਸ ‘ਚ ਉਸ ਦਾ ਇੱਕ ਪ੍ਰਚਾਰਕ ਦੀ ਮੌਤ ਹੋ ਗਈ ਸੀ। ਇਹ ਸਾਰੇ ਹਮਲੇ ਅਕਾਲੀ-ਭਾਜਪਾ ਗਠਜੋੜ ਸਰਕਾਰ ਦੇ ਸਮੇਂ ਹੋਏ ਸਨ। ਉਸ ਸਮੇਂ ਪਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਸਨ ਤੇ ਸੁਖਬੀਰ ਸਿੰਘ ਬਾਦਲ ਉਪ-ਮੁੱਖ ਮੰਤਰੀ ਸਨ। ਇਸ ਤੋਂ ਇਲਾਵਾ ਸੁਖਬੀਰ ਬਾਦਲ ਨੇ ਅੰਮ੍ਰਿਤਸਰ ਤੋਂ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੂੰ ਹੈਰੀਟੇਜ ਸਟ੍ਰੀਟ ਦੀ ਸਹੀ ਤਰੀਕੇ ਨਾਲ ਸਾਂਭ ਸੰਭਾਲ ਨਾ ਕਰਨ 'ਤੇ ਪੂਰੀ ਸਿੱਖ ਕੌਮ ਦਾ ਦੋਖੀ ਕਰਾਰ ਦੇ ਦਿੱਤਾ ਹੈ। ਬਾਦਲ ਨੇ ਕਿਹਾ ਕਿ ਇੱਥੇ ਨਾ ਤਾਂ ਰੌਸ਼ਨੀ ਦਾ ਸਹੀ ਪ੍ਰਬੰਧ ਹੈ ਤੇ ਸਫਾਈ ਦਾ ਹਾਲ ਵੀ ਮਾੜਾ ਹੋ ਗਿਆ ਹੈ। ਬਾਦਲ ਨੇ ਕਿਹਾ ਕਿ ਸਿੱਧੂ ਸਿਆਸਤ ਨੂੰ ਕਾਮੇਡੀ ਸ਼ੋਅ ਨਾ ਸਮਝੇ। ਉਨ੍ਹਾਂ ਸਰਕਾਰ ਦੇ 800 ਪ੍ਰਾਇਮਰੀ ਸਕੂਲਾਂ ਤੇ ਸੇਵਾ ਕੇਂਦਰਾਂ ਨੂੰ ਬੰਦ ਕਰ ਕੇ ਸਰਕਾਰ ਦੇ ਵਿੱਤੀ ਬੋਝ ਘਟਾਉਣ ਦੇ ਫੈਸਲੇ ਦੀ ਵੀ ਆਲੋਚਨਾ ਕੀਤੀ।