ਗੁਰਦਾਸਪੁਰ -ਪੰਜਾਬ ਸਰਕਾਰ ਨੇ 20 ਤੋਂ ਘੱਟ ਵਿਦਿਆਰਥੀਆਂ ਵਾਲੇ ਸਰਕਾਰੀ ਮੁੱਢਲੇ ਸਕੂਲਾਂ ਦਾ ਇੱਕ ਕਿੱਲੋਮੀਟਰ ਦਾਇਰੇ ਵਿਚ ਆਉਣ ਵਾਲੇ ਹੋਰ ਮੁੱਢਲੇ ਸਕੂਲਾਂ ਵਿਚ ਮਰਜ਼ ਕਰਨ ਦਾ ਫ਼ੈਸਲਾ ਲਿਆ ਹੈ। ਸੂਬੇ ਵਿਚ ਅਜਿਹੇ ਕਰੀਬ 637 ਸਕੂਲ ਹਨ।
ਪਹਿਲਾਂ ਸਰਕਾਰ ਨੇ 800 ਸਕੂਲਾਂ ਨੂੰ ਮਰਜ਼ ਕਰਨ ਦਾ ਫ਼ੈਸਲਾ ਲਿਆ ਸੀ ਪਰ ਬਾਅਦ ਵਿਚ ਇੱਕ ਕਿੱਲੋਮੀਟਰ ਦੇ ਦਾਇਰੇ ਦੀ ਸ਼ਰਤ ਕਾਰਨ 163 ਸਕੂਲ ਇਸ ਤੋਂ ਬਾਹਰ ਹੋ ਗਏ ਹਨ। ਮਰਜ਼ ਹੋਣ ਵਾਲੇ ਸਕੂਲਾਂ ਵਿਚੋਂ 47 ਸਕੂਲਾਂ ਵਿਚ ਵਿਦਿਆਰਥੀਆਂ ਦੀ ਗਿਣਤੀ 5 ਤੋਂ ਵੀ ਘੱਟ ਹੈ ਅਤੇ 15 ਸਕੂਲਾਂ ਵਿਚ 3-3 ਹੀ ਵਿਦਿਆਰਥੀ ਹਨ।
ਬੀਤੇ ਦਿਨ ਸਿੱਖਿਆ ਅਧਿਕਾਰੀਆਂ ਕੋਲੋਂ ਰਿਪੋਰਟ ਮਿਲਣ ਤੋਂ ਬਾਅਦ ਸਿੱਖਿਆ ਮੰਤਰੀ ਅਰੁਣਾ ਚੌਧਰੀ ਨੇ ਇੱਕ ਬੈਠਕ ਵਿਚ ਕਿਹਾ ਕਿ ਵਿਭਾਗ ਇਸ ਗੱਲ ਦਾ ਖ਼ਾਸ ਖ਼ਿਆਲ ਰੱਖੇ ਕਿ ਬੰਦ ਕੀਤੇ ਜਾਣ ਵਾਲੇ ਸਕੂਲਾਂ ਨੂੰ ਇੱਕ ਕਿੱਲੋਮੀਟਰ ਦੇ ਦਾਇਰੇ ਵਿਚ ਸਥਿਤ ਦੂਜੇ ਸਕੂਲਾਂ ਵਿਚ ਹੀ ਮਰਜ਼ ਕੀਤਾ ਜਾਵੇ, ਨਾਲ ਹੀ ਸਕੂਲਾਂ ਵਿਚ ਤਾਇਨਾਤ ਸਟਾਫ਼ ਨੂੰ ਪਾਰਦਰਸ਼ਤਾ ਤਹਿਤ ਦੂਜੇ ਸਕੂਲਾਂ ਵਿਚ ਭੇਜਿਆ ਜਾਵੇ। ਅਗਲੇ ਸਿੱਖਿਆ ਸੈਸ਼ਨ ਤੋਂ ਪਹਿਲਾਂ ਇਨ੍ਹਾਂ ਸਕੂਲਾਂ ਨੂੰ ਦੂਜੇ ਸਕੂਲਾਂ ਵਿਚ ਮਰਜ਼ ਕਰ ਦਿੱਤਾ ਜਾਵੇਗਾ। 25 ਅਕਤੂਬਰ ਤੋਂ ਇਹ ਕਵਾਇਦ ਸ਼ੁਰੂ ਹੋ ਜਾਵੇਗੀ।