ਜਲੰਧਰ: ਪੰਜਾਬ ਸਰਕਾਰ ਵੱਲੋਂ 20 ਤੋਂ ਘੱਟ ਬੱਚਿਆਂ ਵਾਲੇ ਪ੍ਰਾਇਮਰੀ ਸਕੂਲਾਂ ਨੂੰ ਬੰਦ ਕਰਨ ਦੇ ਫੈਸਲੇ ਖਿਲਾਫ ਪ੍ਰਾਇਮਰੀ ਅਧਿਆਪਕ ਇਕੱਠੇ ਹੋਣੇ ਸ਼ੁਰੂ ਹੋ ਗਏ ਹਨ। ਅੱਜ ਜਲੰਧਰ ਦੇ ਦੇਸ਼ਭਗਤ ਯਾਦਗਾਰ ਹਾਲ 'ਚ ਇਕੱਠੇ ਹੋਏ ਪੰਜਾਬ ਭਰ ਦੇ ਪ੍ਰਾਇਮਰੀ ਸਕੂਲਾਂ ਦੇ ਅਧਿਆਪਕਾਂ ਨੇ ਕਿਹਾ ਕਿ ਉਹ ਸਕੂਲ ਕਿਸੇ ਕੀਮਤ 'ਤੇ ਬੰਦ ਨਹੀਂ ਹੋਣ ਦੇਣਗੇ।
ਕੈਪਟਨ ਸਰਕਾਰ ਵੱਲੋਂ 800 ਪ੍ਰਾਇਮਰੀ ਸਕੂਲ ਬੰਦ ਕਰਨ ਦੇ ਫੈਸਲੇ ਖਿਲਾਫ ਐਲੀਮੈਂਟਰੀ ਅਧਿਆਪਕ ਇਕਜੁੱਟ ਹੋ ਗਏ ਹਨ। ਉਨ੍ਹਾਂ ਸਰਕਾਰ ਦੇ ਇਸ ਫੈਸਲੇ ਦੇ ਵਿਰੋਧ ਵਿੱਚ ਰੋਸ ਮੁਜ਼ਾਹਰਾ ਵੀ ਕੀਤਾ। ਅਧਿਆਪਕਾਂ ਨੇ ਦੋਸ਼ ਲਾਇਆ ਕਿ ਜਿਨ੍ਹਾਂ ਸਕੂਲਾਂ 'ਚ ਸੁਧਾਰ ਦੀ ਲੋੜ ਸੀ, ਸਰਕਾਰ ਵੱਲੋਂ ਉਹੀ ਬੰਦ ਕੀਤੇ ਜਾ ਰਹੇ ਹਨ।
ਅਧਿਆਪਕਾਂ ਨੇ ਕਿਹਾ ਕਿ ਸੈਸ਼ਨ ਖ਼ਤਮ ਹੋਣ ਵਾਲਾ ਹੈ ਤੇ ਅਜੇ ਤੱਕ ਸਰਕਾਰ ਕਿਤਾਬਾਂ ਤਾਂ ਮੁਹੱਈਆ ਕਰਵਾ ਨਹੀਂ ਸਕੀ ਤੇ ਹੁਣ ਸਕੂਲ ਵੀ ਬੰਦ ਕਰਨ ਜਾ ਰਹੀ ਹੈ। ਹਾਲਾਂਕਿ, ਸਰਕਾਰ ਨੇ 800 ਸਕੂਲਾਂ ਨੂੰ ਬੰਦ ਕਰਨ ਵਾਲਾ ਆਪਣਾ ਫੈਸਲਾ ਹਾਲ ਦੀ ਘੜੀ ਮੁਲਤਵੀ ਕਰ ਦਿੱਤਾ ਹੈ।