ਚੰਡੀਗੜ੍ਹ: ਅਗਲੇ ਮਹੀਨੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਦੀ ਛੁੱਟੀ ਹੋ ਸਕਦੀ ਹੈ। ਮੀਡੀਆ ਰਿਪੋਰਟਾਂ ਮੁਤਾਬਕ ਬਾਦਲ ਪਰਿਵਾਰ ਬਡੂੰਗਰ ਤੋਂ ਖੁਸ਼ ਨਹੀਂ ਹੈ। ਇਸ ਲਈ ਨਵੰਬਰ ਵਿੱਚ ਕਮੇਟੀ ਪ੍ਰਧਾਨ ਦੀ ਚੋਣ ਦੌਰਾਨ ਅਕਾਲੀ ਦਲ ਕਿਸੇ ਹੋਰ ਚਿਹਰੇ ਨੂੰ ਸਾਹਮਣੇ ਲਿਆ ਸਕਦਾ ਹੈ।

ਇਸ ਚਰਚਾ ਨੇ ਉਸ ਵੇਲੇ ਜ਼ੋਰ ਫੜਿਆ ਜਦੋਂ ਸ਼ਨੀਵਾਰ ਨੂੰ ਬਾਦਲਾਂ ਦਾ ਪਿੰਡ ਬਾਦਲ ਸਥਿਤ ਰਿਹਾਇਸ਼ 'ਤੇ ਹੋਈ ਕੋਰ ਕਮੇਟੀ ਦੀ ਮੀਟਿੰਗ ਵਿੱਚ ਬੰਡੂਗਰ ਨਹੀਂ ਪਹੁੰਚੇ। ਬੰਡੂਗਰ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹੋਣ ਦੇ ਨਾਲ-ਨਾਲ ਕੋਰ ਕਮੇਟੀ ਦੇ ਮੈਂਬਰ ਵੀ ਹਨ। ਇਸ ਮੀਟਿੰਗ ਵਿੱਚ ਦਿੱਲੀ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਤਾਂ ਮੌਜੂਦ ਸਨ ਪਰ ਬੰਡੂਗਰ ਗੈਰ ਹਾਜ਼ਰ ਰਹੇ। ਉਂਝ ਬੰਡੂਗਰ ਉਸ ਵੇਲੇ ਬਠਿੰਡਾ ਨੇੜੇ ਦਮਦਮਾ ਸਾਹਿਬ ਵਿਖੇ ਮੌਜੂਦ ਸਨ।

ਅਕਾਲੀ ਦਲ ਨੇ ਸ਼ਨੀਵਾਰ ਨੂੰ ਪਿੰਡ ਬਾਦਲ ’ਚ ਗੁਰਦਾਸਪੁਰ ਜ਼ਿਮਨੀ ਚੋਣ ’ਚ ਮਿਲੀ ਹਾਰ ਦੇ ਕਾਰਨਾਂ ’ਤੇ ਵਿਚਾਰ ਕਰਨ ਲਈ ਕੋਰ ਕਮੇਟੀ ਦੀ ਮੀਟਿੰਗ ਬੁਲਾਈ ਸੀ। ਇਸ ਮੀਟਿੰਗ ਵਿੱਚ ਸੀਨੀਅਰ ਲੀਡਰ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨਹੀਂ ਪਹੁੰਚੇ ਸਨ। ਅਕਾਲੀ ਦਲ ਨੇ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਬੰਡੂਗਰ ਨੂੰ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਬਣਾਇਆ ਸੀ।