ਪ੍ਰੇਸ਼ਾਨ ਪਤੀ ਗਾਇਬ,ਪਤਨੀ ਦੀ ਮੌਤ
ਏਬੀਪੀ ਸਾਂਝਾ | 22 Oct 2017 10:42 AM (IST)
ਮਾਨਸਾ: ਪ੍ਰੇਸ਼ਾਨ ਵਿਅਕਤੀ ਦੇ ਘਰੋਂ ਗਾਇਬ ਹੋਣ ਦਾ ਸਦਮਾ ਨਾ ਸਹਾਰਦਿਆਂ ਅਗਲੇ ਦਿਨ ਹੀ ਉਸ ਦੀ ਪਤਨੀ ਦੀ ਵੀ ਮੌਤ ਹੋ ਗਈ। ਪਵਨ ਕੁਮਾਰ ਉਰਫ ਕੁਕੂ ਆਪਣੇ ਪਿਤਾ ਅਤੇ ਪਤਨੀ ਦੇ ਬਿਮਾਰ ਰਹਿਣ ਕਾਰਨ ਪਿਛਲੇ ਕਈ ਦਿਨਾਂ ਤੋਂ ਪ੍ਰੇਸ਼ਾਨ ਸੀ। 14 ਅਕਤੂਬਰ ਨੂੰ ਉਹ ਦਿਨ ਦੇ ਬਾਰਾਂ ਕੁ ਵਜੇ ਬਿਨਾਂ ਕੁਝ ਦੱਸੇ ਘਰ ਤੋਂ ਬਾਹਰ ਚਲਾ ਗਿਆ। ਪਰਿਵਾਰਕ ਮੈਂਬਰਾਂ ਤੇ ਗੁਆਢੀਆਂ ਵੱਲੋਂ ਉਸ ਦੀ ਬਹੁਤ ਭਾਲ ਕੀਤੀ ਗਈ ਪਰ ਅਜੇ ਤੱਕ ਉਸ ਦਾ ਕੋਈ ਸੁਰਾਗ ਨਹੀਂ ਮਿਲਿਆ। ਜਦੋਂ ਉਸ ਦੇ ਗੁੰਮ ਹੋਣ ਦੀ ਸੂਚਨਾ ਸਰਦੂਲਗੜ੍ਹ ਆਪਣੇ ਦਿਉਰ ਸੁਰੇਸ਼ ਕੁਮਾਰ ਦੇ ਘਰ ਇਲਾਜ ਕਰਵਾ ਰਹੀ ਪਵਨ ਕੁਮਾਰ ਦੀ ਪਤਨੀ ਬੀਨਾ ਰਾਣੀ ਨੂੰ ਮਿਲੀ ਤਾਂ ਇਹ ਸਦਮਾ ਨਾ ਸਹਾਰਦਿਆਂ ਅਗ਼ਲੇ ਹੀ ਦਿਨ ਦਮ ਤੋੜ ਗਈ। ਪਵਨ ਕੁਮਾਰ ਦਾ ਇਕੋ ਇਕ ਪੁੱਤਰ ਆਪਣੀ ਮਾਂ ਦੀ ਮੌਤ ਤੇ ਪਿਤਾ ਦੇ ਗੁੰਮ ਹੋਣ ਤੇ ਦਾਦੇ ਦੇ ਬਿਮਾਰ ਹੋਣ ਕਾਰਨ ਬਹੁਤ ਪ੍ਰੇਸ਼ਾਨ ਹੈ। ਉਸ ਨੇ ਅਪੀਲ ਕੀਤੀ ਕਿ ਉਸ ਦੇ ਪਿਤਾ ਬਾਰੇ ਪਤਾ ਚੱਲਣ 'ਤੇ ਇਸ ਦੀ ਸੂਚਨਾ ਮੋਬਾਈਲ ਨੰਬਰ 89682-82700 ਨੂੰ ਦਿੱਤੀ ਜਾਵੇ। ਪਰਿਵਾਰਕ ਸੂਤਰਾਂ ਨੇ ਦੱਸਿਆ ਕਿ ਉਸ ਦੀ ਗੁੰਮਸ਼ੁਗਦੀ ਦੀ ਰਿਪੋਰਟ ਥਾਣਾ ਬੋਹਾ ਵਿੱਚ ਕਰਵਾ ਦਿੱਤੀ ਗਈ ਹੈ।