ਬਠਿੰਡਾ -ਅੰਮ੍ਰਿਤਸਰ ਸ਼ਾਹਰਾਹ 'ਤੇ ਸਾਰੇ ਸਾਈਨ ਬੋਰਡ ਹੁਣ ਪੰਜਾਬੀ ਵਿੱਚ ਲਿਖੇ ਜਾਣਗੇ। ਪੰਜਾਬ ਸਰਕਾਰ ਨੇ ਇਨ੍ਹਾਂ ਬੋਰਡਾਂ 'ਤੇ ਮਾਂ ਬੋਲੀ ਵਿੱਚ ਜਾਣਕਾਰੀ ਲਿਖਣ ਦਾ ਫੈਸਲਾ ਕੀਤਾ ਹੈ। ਪੰਜਾਬੀ ਭਾਸ਼ਾ ਪ੍ਰੇਮੀਆਂ ਦੇ ਦਬਾਅ ਮਗਰੋਂ ਲੋਕ ਨਿਰਮਾਣ ਵਿਭਾਗ ਹਰਕਤ 'ਚ ਆਇਆ ਅਤੇ ਉਸ ਨੇ ਹੱਥੋਂ ਹੱਥੀਂ ਕੇਂਦਰ ਸਰਕਾਰ ਤੋਂ ਇਸ ਬਾਰੇ ਪ੍ਰਵਾਨਗੀ ਲੈ ਲਈ ਹੈ। ਬਠਿੰਡਾ-ਅੰਮ੍ਰਿਤਸਰ ਕੌਮੀ ਮਾਰਗ 'ਤੇ ਲੱਗੇ ਸਾਈਨ ਬੋਰਡਾਂ ਉਤੇ ਪੰਜਾਬੀ ਨੂੰ ਤੀਜੇ ਨੰਬਰ 'ਤੇ ਰੱਖਿਆ ਗਿਆ ਸੀ ਜਦੋਂ ਕਿ ਹਿੰਦੀ ਨੂੰ ਪਹਿਲਾ ਅਤੇ ਅੰਗਰੇਜ਼ੀ ਨੂੰ ਦੂਜਾ ਸਥਾਨ ਦਿੱਤਾ ਗਿਆ ਸੀ।
ਮਾਲਵਾ ਯੂਥ ਫੈਡਰੇਸ਼ਨ ਤੇ ਪੰਥਕ ਧਿਰਾਂ ਨੇ ਇਸ ਕੌਮੀ ਮਾਰਗ 'ਤੇ ਲੱਗੇ ਸਾਈਨ ਬੋਰਡਾਂ 'ਤੇ ਲਿਖੀ ਹਿੰਦੀ ਤੇ ਅੰਗਰੇਜ਼ੀ 'ਤੇ ਕਾਲਾ ਪੋਚਾ ਫੇਰ ਦਿੱਤਾ। ਫੈਡਰੇਸ਼ਨ ਦਾ ਸਹਿਯੋਗ ਦਲ ਖਾਲਸਾ ਅਤੇ ਹੋਰ ਧਿਰਾਂ ਨੇ ਦਿੱਤਾ। ਸਾਬਕਾ ਗੈਂਗਸਟਰ ਲੱਖਾ ਸਿਧਾਣਾ ਨੇ ਕਿਹਾ ਕਿ ਪੰਜਾਬ ਵਿੱਚ ਪੰਜਾਬੀ ਭਾਸ਼ਾ ਨੂੰ ਦੇਸ਼ ਨਿਕਾਲ਼ਾ ਦੇਣ ਖ਼ਿਲਾਫ਼ ਸੰਘਰਸ਼ ਵਿੱਢਿਆ ਗਿਆ ਹੈ ਤਾਂ ਜੋ ਮਾਂ ਬੋਲੀ ਨੂੰ ਮਾਣ ਸਨਮਾਨ ਦਿਵਾਇਆ ਜਾ ਸਕੇ।
ਇਸ ਬਾਰੇ ਭਿਣਕ ਲੱਗਣ 'ਤੇ ਪੁਲੀਸ ਨੇ ਕਾਰਵਾਈ ਕਰਕੇ ਇਨ੍ਹਾਂ ਨੌਜਵਾਨਾਂ ਨੂੰ ਰੋਕ ਦਿੱਤਾ, ਜਿਸ ਦੇ ਰੋਸ 'ਚ ਇਨ੍ਹਾਂ ਆਗੂਆਂ ਨੇ ਪਿੰਡ ਹਰਰਾਏਪੁਰ ਕੋਲ ਸੜਕ ਜਾਮ ਕਰ ਦਿੱਤੀ। ਦਲ ਖ਼ਾਲਸਾ ਦੇ ਮੀਤ ਪ੍ਰਧਾਨ ਬਾਬਾ ਹਰਦੀਪ ਸਿੰਘ ਗੁਰੂਸਰ ਮਹਿਰਾਜ ਨੇ ਕਿਹਾ ਕਿ ਕੇਂਦਰ ਦੀ ਹਿੰਦੂਵਾਦੀ ਹਕੂਮਤ ਪੰਜਾਬੀ ਨੂੰ ਮਿਟਾਉਣ 'ਤੇ ਤੁਲੀ ਹੈ।