ਮਲੋਟ: ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਬੇਹੱਦ ਕਰੀਬੀ ਐਸਜੀਪੀਸੀ ਮੈਂਬਰ ਤੇ ਜ਼ਿਲ੍ਹਾ ਮੁਕਤਸਰ ਦੇ ਪ੍ਰਧਾਨ ਦਿਆਲ ਸਿੰਘ ਕੋਲਿਆਂਵਾਲੀ ਦੇ ਫਰਜੰਦ ਪਰਮਿੰਦਰ ਸਿੰਘ 'ਤੇ ਹੋਏ ਜਾਨਲੇਵਾ ਹਮਲੇ ਤੋਂ ਬਾਅਦ ਪੁਲਿਸ ਨੇ 12 ਵਿਅਕਤੀਆਂ 'ਤੇ ਕੇਸ ਦਰਜ ਕੀਤਾ ਹੈ। ਇਨ੍ਹਾਂ 'ਚ ਕਾਂਗਰਸ ਦੇ ਜਨਰਲ ਸਕੱਤਰ ਸ਼ੁਭਦੀਪ ਸਿੰਘ, ਕਾਂਗਰਸ ਦੇ ਸਾਬਕਾ ਕੌਂਸਲਰ ਬਖਸ਼ੀਸ਼ ਸਿੰਘ, ਮਨਪ੍ਰੀਤ ਸਿੰਘ ਮੰਨਾ ਤੇ ਧਨਜੀਤ ਸਿੰਘ ਤੋਂ ਇਲਾਵਾ 8 ਹੋਰ ਵਿਅਕਤੀ ਸ਼ਾਮਲ ਹਨ।
ਦੱਸ ਦਈਏ ਕਿ ਬੀਤੀ ਰਾਤ ਮਲੋਟ 'ਚ ਪਰਮਿੰਦਰ ਕੋਲਿਆਂਵਾਲੀ 'ਤੇ ਤਕਰੀਬਨ 15 ਵਿਅਕਤੀਆਂ ਨੇ ਉਸ ਵੇਲੇ ਹਮਲਾ ਕੀਤਾ ਸੀ ਜਦੋਂ ਉਹ ਜਿੰਮ ਤੋਂ ਘਰ ਵਾਪਸ ਪਰਤ ਰਿਹਾ ਸੀ। ਹਮਲਾਵਰਾਂ ਨੇ ਪਹਿਲਾਂ ਪਰਮਿੰਦਰ ਦੀ ਗੱਡੀ 'ਤੇ ਗੋਲੀਆਂ ਚਲਾਈਆਂ ਸੀ ਤੇ ਫਿਰ ਉਸ ਨੂੰ ਬਾਹਰ ਕੱਢ ਕੇ ਲੱਤਾਂ ਤੋੜ ਦਿੱਤੀਆਂ। ਇਸ ਤੋਂ ਬਾਅਦ ਪਰਮਿੰਦਰ ਨੂੰ ਬਠਿੰਡਾ ਦੇ ਹਸਪਤਾਲ 'ਚ ਦਾਖਲ ਕਰਵਾਇਆ ਗਿਆ, ਜਿੱਥੇ ਉਹ ਆਈਸੀਯੂ 'ਚ ਭਰਤੀ ਹੈ।