ਚੰਡੀਗੜ੍ਹ: ਪੰਜਾਬ ਦੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਅਨਿਲ ਜੋਸ਼ੀ ਦੀ ਧਮਕੀ ਤੋਂ ਬਾਅਦ ਪੰਜਾਬ ਸਰਕਾਰ ਨੇ ਉਨ੍ਹਾਂ ਦੀ ਗੱਲ ਮੰਨ ਲਈ ਹੈ। ਇਸ ਲਈ ਪੰਜਾਬ 'ਚ 10 ਅਗਸਤ ਨੂੰ ਹਲਟੀ ਤੋਂ ਵੈਟ ਹਟ ਜਾਵੇਗਾ। ਇਸ ਦੇ ਨਾਲ ਹੀ ਕਾਲੀ ਮਿਰਚ,ਜ਼ੀਰਾ ਤੇ ਧਨੀਏ ਤੋਂ ਵੈਟ ਘਟੇਗਾ। ਇਹ ਦਾਅਵਾ ਅਨਿਲ ਜੋਸ਼ੀ ਨੇ ਕੀਤਾ ਹੈ।     ਦੱਸਣਯੋਗ ਹੈ ਕਿ ਜੋਸ਼ੀ ਨੇ ਪਿਛਲੀ ਕੈਬਨਿਟ ਮੀਟਿੰਗ 'ਚ ਇਨ੍ਹਾਂ ਚੀਜ਼ਾਂ ਤੋਂ ਵੈਟ ਨਾ ਹਟਣ ਕਰਕੇ ਮੀਟਿੰਗ ਦਾ ਬਾਈਕਾਟ ਕਰਨ ਦੀ ਧਮਕੀ ਦਿੱਤੀ ਸੀ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਨੇਪਿਛਲੀ ਕੈਬਿਨਟ ਮੀਟਿੰਗ 'ਚ ਵਾਅਦਾ ਕੀਤਾ ਸੀ ਕਿ ਅਗਲੀ ਮੀਟਿੰਗ 'ਚ ਵੈਟ ਘਟਾਉਣ ਤੇ ਹਟਾਉਣ ਦਾ ਮਤਾ ਪਾਸਹੋਵੇਗਾ। ਇਨ੍ਹਾਂ ਚੀਜ਼ਾਂ ਤੋਂ ਵੈਟ ਹਟਣਾ ਤੇ ਘਟਣਾ ਇਸ ਲਈ ਜ਼ਰੂਰੀ ਹੈ ਕਿਉਂਕਿ ਇਹ ਲੋਕਾਂ ਦੀ ਰੋਜ਼ਮਰਾ ਦੀ ਜ਼ਿੰਦਗੀ ਦੀਆਂ ਬੁਨਿਆਦੀ ਚੀਜ਼ਾਂ ਹਨ।   ਉਨ੍ਹਾਂ ਕਿਹਾ ਕਿ ਪਿਛਲੀ ਕੈਬਨਿਟ ਮੀਟਿੰਗ 'ਚ ਇਹ ਮੁੱਦਾ ਉਠਾਉਣ ਤੋਂ ਬਾਅਦ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਉਨ੍ਹਾਂ ਨੂੰ ਭਰੋਸਾ ਦਿੱਤਾ ਹੈ ਕਿ 10 ਅਗਸਤ ਦੀ ਕੈਬਿਨਟ ਮੀਟਿੰਗ 'ਚ ਇਹ ਵਾਅਦਾ ਜ਼ਰੂਰ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਮੈਨੂੰ ਮੁੱਖ ਮੰਤਰੀ 'ਤੇ ਭਰੋਸਾ ਹੈ ਕਿ ਅਗਲੀ ਕੈਬਿਨਟ 'ਚ ਇਸ ਮੁੱਦੇ 'ਤੇ ਮੋਹਰ ਲੱਗ ਜਾਵੇਗੀ।   ਜੋਸ਼ੀ ਨੇ ਦੱਸਿਆ ਹੈ ਕਿ ਪੰਜਾਬ ਵਿਧਾਨ ਸਭਾ ਨੇ ਬਜਟ ਸੈਸ਼ਨ ਦੌਰਾਨ ਮੈਂ ਇਹ ਮਸਲਾ ਉਠਾਇਆ ਸੀ ਤੇ ਸਦਨ 'ਚ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਇਸ ਨੂੰ ਮੰਨਿਆ ਸੀ। ਉਸ ਤੋਂ ਬਾਅਦ ਬਜਟ ਸੈਸ਼ਨ 'ਚ ਪੰਜਾਬ ਦੇ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਨੇ ਇਸ ਦਾ ਬਕਾਇਦਾ ਐਲਾਨ ਕੀਤਾ ਸੀ ਪਰ ਮਾਰਚ ਤੋਂ ਹੁਣ ਤੱਕ ਇਸ ਨੂੰ ਲਾਗੂ ਨਹੀਂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਸਰਕਾਰ ਜਿਹੜਾ ਵੀ ਵਾਅਦਾ ਲੋਕਾਂ ਨਾਲ ਕਰਦੀ ਹੈ ਉਸ ਨੂੰ ਨੂੰ ਜਲਦੀ ਤੋਂ ਜਲਦੀ ਲਾਗੂ ਕਰਨਾ ਜ਼ਰੂਰੀ ਹੁੰਦਾ ਹੈ ਕਿਉਂਕਿ ਇਸ ਨਾਲ ਲੋਕਾਂ 'ਚ ਸਰਕਾਰ ਪ੍ਰਤੀ ਵਿਸਵਾਸ਼ ਪੈਦਾ ਹੁੰਦਾ ਹੈ।