ਚੰਡੀਗੜ੍ਹ: ਪੰਜਾਬ ਸਰਕਾਰ ਨੇ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰਾਂ ਅਤੇ ਪੁਲਿਸ ਕਪਤਾਨਾਂ ਨੂੰ ਭਾਰਤੀ ਜਨਤਾ ਪਾਰਟੀ ਦੇ ਲੀਡਰਾਂ ਦੀ ਹਿਫ਼ਾਜ਼ਤ ਕਰਨ ਦੀ ਉਚੇਚੀ ਹਦਾਇਤ ਜਾਰੀ ਕੀਤੀ। ਸਰਕਾਰ ਨੇ ਕਿਹਾ ਹੈ ਕਿ ਜ਼ਿਲ੍ਹਾ ਅਧਿਕਾਰੀ ਅਤੇ ਪੁਲਿਸ ਪ੍ਰਸ਼ਾਸਨ ਉਨ੍ਹਾਂ ਦੇ ਤੈਅ ਪ੍ਰੋਗਰਾਮਾਂ ਸਮੇਂ ਮੁਸਤੈਦ ਰਹਿਣ ਅਤੇ ਸੁਰੱਖਿਆ ਵਿੱਚ ਕਮੀ ਨਾ ਆਉਣ ਦੇਣ।


ਕੈਪਟਨ ਸਰਕਾਰ ਦੇ ਇਹ ਹੁਕਮ ਉਦੋਂ ਆਏ ਹਨ, ਜਦ ਬੀਤੇ ਦਿਨੀਂ ਅਬੋਹਰ ਤੋਂ ਬੀਜੇਪੀ ਦੇ ਵਿਧਾਇਕ ਅਰੁਣ ਨਾਰੰਗ ਨਾਲ ਮਲੋਟ ਵਿੱਚ ਕਿਸਾਨਾਂ ਵੱਲੋਂ ਖਿੱਚ-ਧੂਹ ਕੀਤੇ ਜਾਣ ਦੀ ਘਟਨਾ ਸਾਹਮਣੇ ਆਈ ਹੈ। ਕੇਂਦਰ ਸਰਕਾਰ ਵੱਲੋਂ ਪਾਸ ਤਿੰਨ ਖੇਤੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਕਿਸਾਨਾਂ ਨੇ ਭਾਜਪਾ ਆਗੂਆਂ ਦਾ ਵਿਰੋਧ ਕਰਨ ਦਾ ਐਲਾਨ ਕੀਤਾ ਹੋਇਆ ਹੈ। ਅਜਿਹੇ ਵਿੱਚ ਇਹ ਪਹਿਲਾ ਮਾਮਲਾ ਹੈ ਕਿ ਭਾਜਪਾ ਲੀਡਰ ਦੀ ਇੰਨੀ ਬੁਰੀ ਤਰ੍ਹਾਂ ਖਿੱਚ ਧੂਹ ਕੀਤੀ ਗਈ ਹੋਵੇ ਕਿ ਉਸ ਦੇ ਕੱਪੜੇ ਹੀ ਪਾੜ ਗਏ ਹੋਣ।


 






 


ਭਾਜਪਾ ਨੇ ਆਪਣੇ ਵਿਧਾਇਕ ਉੱਪਰ ਹੋਏ ਇਸ ਹਮਲੇ ਦੀ ਸਖ਼ਤ ਨਿਖੇਧੀ ਕੀਤੀ ਅਤੇ ਬੀਤੇ ਕੱਲ੍ਹ ਮੁੱਖ ਮੰਤਰੀ ਦੀ ਰਿਹਾਇਸ਼ ਦਾ ਘਿਰਾਓ ਵੀ ਕੀਤਾ ਸੀ। ਭਾਜਪਾ ਦਾ ਇਲਜ਼ਾਮ ਹੈ ਕਿ ਵਿਧਾਇਕ ਨਾਰੰਗ ਉੱਪਰ ਹਮਲਾ ਕਾਂਗਰਸ ਵੱਲੋਂ ਪ੍ਰੇਰਿਤ ਸੀ। ਵਿਧਾਇਕ ਨਾਰੰਗ ਨੇ ਦੱਸਿਆ ਸੀ ਕਿ ਲੋਕਾਂ ਨੇ ਉਨ੍ਹਾਂ ਨੂੰ ਘਸੁੰਨ ਮੁੱਕੀਆਂ ਨਾਲ ਕੁੱਟਿਆ ਅਤੇ ਉਨ੍ਹਾਂ ਦੇ ਕੱਪੜੇ ਵੀ ਪਾੜ ਦਿੱਤੇ।


ਉੱਧਰ, ਸੰਯੁਕਤ ਕਿਸਾਨ ਮੋਰਚੇ ਨੇ ਵਿਧਾਇਕ ਨਾਲ ਹੋਏ ਅਜਿਹੇ ਵਤੀਰੇ ਦੀ ਨਿੰਦਾ ਕੀਤੀ ਹੈ ਅਤੇ ਕਿਹਾ ਹੈ ਕਿ ਅਜਿਹਾ ਵਿਹਾਰ ਉਤਾਹਿਸ਼ਤ ਨਹੀਂ ਕੀਤਾ ਜਾਣਾ ਚਾਹੀਦਾ। ਉਨ੍ਹਾਂ ਅਪੀਲ ਕੀਤੀ ਕਿ ਕਿਸਾਨ ਜ਼ਾਬਤੇ ਵਿੱਚ ਰਹਿ ਕੇ ਵਿਰੋਧ ਪ੍ਰਦਰਸ਼ਨ ਕਰਨ।