ਰਮਨਦੀਪ ਕੌਰ


ਚੰਡੀਗੜ੍ਹ: ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਆਬਕਾਰੀ ਨੀਤੀ ਤੇ ਸੂਬੇ ਦੇ ਮੁੱਖ ਸਕੱਤਰ ਤੇ ਮੰਤਰੀਆਂ ਵਿਚਾਲੇ ਵਿਵਾਦ ਨੂੰ ਸੁਲਝਾਉਣ 'ਚ ਰੁੱਝੇ ਹੋਏ ਹਨ। ਇਸ ਦਰਮਿਆਨ ਹੀ ਕੈਪਟਨ ਲਈ ਵੱਡੀ ਸਿਰਦਰਦੀ ਉਨ੍ਹਾਂ ਦੀ ਆਪਣੀ ਹੀ ਪਾਰਟੀ ਦੇ ਨੇਤਾ ਬਣੇ ਹੋਏ ਹਨ। ਅਜਿਹੇ 'ਚ ਹੁਣ ਕੈਪਟਨ ਵੱਲੋਂ ਨਰਾਜ਼ ਮੰਤਰੀਆਂ ਨੂੰ ਲੰਚ 'ਤੇ ਬੁਲਾਉਣਾ ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਨੂੰ ਜਚਿਆ ਨਹੀਂ।


ਬਾਜਵਾ ਨੇ ਟਵੀਟ ਕਰਦਿਆਂ ਕੈਪਟਨ ਨੂੰ ਪੁੱਛਿਆ ਕਿ ਆਖ਼ਰ ਸੂਬੇ ਦਾ ਖ਼ਜ਼ਾਨਾ ਖ਼ਾਲੀ ਕਿਉਂ ਹੈ। ਉਨ੍ਹਾਂ ਇਲਜ਼ਾਮ ਲਾਇਆ ਕਿ ਜਿਵੇਂ ਅਕਾਲੀ ਸਰਕਾਰ ਸਮੇਂ ਮਾਈਨਿੰਗ ਮਾਫੀਆ ਬੇਖ਼ੌਫ ਹੋ ਕੇ ਸਰਗਰਮ ਸੀ, ਉਵੇਂ ਹੀ ਕੈਪਟਨ ਅਮਰਿੰਦਰ ਦੀ ਸਰਪ੍ਰਸਤੀ ਹੇਠ ਸ਼ਰਾਬ, ਮਾਈਨਿੰਗ ਤੇ ਕੇਬਲ ਮਾਫੀਆ ਖੁੱਲ੍ਹੇਆਮ ਕੰਮ ਕਰ ਰਹੇ ਹਨ।


ਬਾਜਵਾ ਨੇ ਕੈਪਟਨ 'ਤੇ ਸਵਾਲ ਕੀਤੇ ਕਿ ਆਖ਼ਰਕਾਰ ਆਬਕਾਰੀ ਵਿਭਾਗ ਲਗਾਤਾਰ ਘਾਟੇ ਵਿੱਚ ਕਿਉਂ ਜਾ ਰਿਹਾ ਹੈ? ਬਾਜਵਾ ਨੇ ਕਿਹਾ ਕਿ ਕੈਪਟਨ ਕਹਿ ਰਹੇ ਹਨ ਕਿ ਵਿਭਾਗ ਘਾਟੇ ਵਿੱਚ ਨਹੀਂ ਹੈ ਪਰ ਫਿਰ ਰਾਜਾ ਵੜਿੰਗ ਨੇ ਮਨਪ੍ਰੀਤ ਬਾਦਲ ਨੂੰ ਫਿਰ ਤੋਂ ਟਵੀਟ ਕਰ ਸੱਚਾਈ ਕਿਓਂ ਪੁੱਛੀ ਹੈ?


ਬਾਜਵਾ ਨੇ ਕਿਹਾ ਕਿ ਪੰਜਾਬ ਦੀਆਂ ਸ਼ਰਾਬ ਡਿਸਟਿਲਰੀਜ਼ ਦੇ ਮਾਲਕਾਂ ਦੀ ਗੰਢਤੁੱਪ ਨਾਲ ਗੁਜਰਾਤ ਤਕ ਸ਼ਰਾਬ ਸਪਲਾਈ ਹੋ ਰਹੀ ਹੈ, ਅਜਿਹਾ ਕਿਸੇ ਵੱਡੇ ਨੇਤਾ ਦੀ ਸਰਪ੍ਰਸਤੀ ਤੋਂ ਬਿਨਾ ਸੰਭਵ ਨਹੀਂ ਹੈ। ਉਨ੍ਹਾਂ ਇਸ ਸਬੰਧੀ ਕੈਪਟਨ ਨੂੰ ਜਵਾਬ ਦੇਣ ਲਈ ਵੰਗਾਰਿਆ।