ਨਵੀਂ ਦਿੱਲੀ: ਗੁਰੂ ਘਰਾਂ ਦੇ ਸਰਮਾਏ 'ਤੇ ਸਰਕਾਰੀ ਹੱਕ ਸਬੰਧੀ ਕਥਿਤ ਵਿਵਾਦਿਤ ਬਿਆਨ ਕਾਰਨ ਘਿਰੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਵੀ ਸਪੱਸ਼ਟੀਕਰਨ ਜਾਰੀ ਕਰ ਦਿੱਤਾ ਹੈ। ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਗੁਰਧਾਮਾਂ ’ਤੇ ਲੱਗੇ ਸੋਨੇ ਤੇ ਹੋਰ ਮੁੱਲਵਾਨ ਵਸਤਾਂ ਨੂੰ ਸਿੱਖ ਕੌਮ ਦਾ ਸਾਂਝਾ ਸਰਮਾਇਆ ਦੱਸਿਆ ਹੈ।


ਸੁਖਬੀਰ ਬਾਦਲ ਨੇ ਟਵੀਟ ਕਰਕੇ ਕਿਹਾ ਕਿ ਇਨ੍ਹਾਂ ਸਾਂਝੀਆਂ ਤੇ ਕੀਮਤੀ ਚੀਜ਼ਾਂ ਨੂੰ ਕੋਈ ਵਿਅਕਤੀ ਜਾਂ ਸੰਸਥਾ ਕਿਸੇ ਵੀ ਕੰਮ ਲਈ, ਇਸ ਸਰਮਾਏ ਦਾ ਨਿੱਕਾ ਜਿਹਾ ਹਿੱਸਾ ਵੀ ਦਾਨ ਕਰਨ ਬਾਰੇ ਸੋਚ ਨਹੀਂ ਸਕਦੀ, ਬੇਸ਼ੱਕ ਉਹ ਕਾਰਜ ਕਿੰਨਾ ਵੀ ਮਨੁੱਖਤਾਵਾਦੀ ਤੇ ਨੇਕ ਹੀ ਕਿਉਂ ਨਾ ਹੋਵੇ। ਬਾਦਲ ਨੇ ਕਿਹਾ ਕਿ ਬੇਹੱਦ ਇਤਿਹਾਸਕ ਅਤੇ ਵਿਰਾਸਤੀ ਮੁੱਲ ਰੱਖਣ ਵਾਲੇ ਇਸ ਸਰਮਾਏ ਨਾਲ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਜੁੜੀਆਂ ਹਨ।


ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਵੱਲੋਂ ਸਿੱਖਾਂ ਦੇ ਧਾਰਮਿਕ ਅਸਥਾਨਾਂ ਦਾ ਸਰਮਾਇਆ ਸਰਕਾਰਾਂ ਨੂੰ ਵਰਤਣ ਦੀ ਪੇਸ਼ਕਸ਼ ਸਬੰਧੀ ਬਿਆਨ ਕਾਰਨ ਕਾਫੀ ਵਿਵਾਦ ਹੋਇਆ ਸੀ। ਇਸ ਮਗਰੋਂ ਪਾਰਟੀ ਪ੍ਰਧਾਨ ਸੁਖਬੀਰ ਬਾਦਲ ਨੇ ਸਿਰਸਾ ਦਾ ਬਚਾਅ ਕਰਦਿਆਂ ਕਿਹਾ ਕਿ ਚੰਗੀ ਗੱਲ ਹੈ ਕਿ ਉਨ੍ਹਾਂ ਇਸ ਬਿਆਨ ਬਾਰੇ ਮੁਆਫੀ ਮੰਗ ਕੇ ਵਿਵਾਦ ਖ਼ਤਮ ਕਰ ਦਿੱਤਾ ਹੈ।

ਸੁਖਬੀਰ ਨੇ ਇਹ ਵੀ ਕਿਹਾ ਕਿ ਸਿੱਖ ਸਰਮਾਏ ਦੇ ਕਿਸੇ ਨਿੱਕੇ ਜਿਹੇ ਭਾਗ ਬਾਰੇ ਵੀ ਆਏ ਕਿਸੇ ਸੁਝਾਅ ਜਾਂ ਇਸ ਨਾਲ ਜੁੜੇ ਕਿਸੇ ਸਵਾਲ ਦਾ ਜੁਆਬ ਦੇਣ ਵੇਲੇ ਵਿਅਕਤੀ ਨੂੰ ਪੂਰੀ ਜ਼ਿੰਮੇਵਾਰੀ ਅਤੇ ਸੰਜਮ ਤੋਂ ਕੰਮ ਲੈਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਪੰਥ ਦੋਖੀਆਂ ਦੀਆਂ ਸਾਜ਼ਿਸ਼ਾਂ ਤੇ ਚਾਲਾਂ ਤੋਂ ਸਦਾ ਸੁਚੇਤ ਰਹਿਣਾ ਚਾਹੀਦਾ ਹੈ, ਜੋ ਅਜਿਹੇ ਵਿਸ਼ਿਆਂ ’ਤੇ ਕਿਸੇ ਸਿੱਖ ਆਗੂ ਦੀ ਤਿਲ੍ਹਕੀ ਜ਼ੁਬਾਨ ਦਾ ਹਮੇਸ਼ਾ ਫਾਇਦਾ ਉਠਾਉਣ ਦੀ ਤਾਕ ਵਿੱਚ ਰਹਿੰਦੇ ਹਨ।

ਹੋਰ ਖ਼ਬਰਾਂ