ਚੰਡੀਗੜ੍ਹ: ਪੰਜਾਬ ਸਰਕਾਰ ਨੇ ਸੂਬੇ ਵਿੱਚ ਰਾਤ ਵੇਲੇ ਕਰਫਿਊ ਦੇ ਸਮੇਂ ਵਿੱਚ ਦੋ ਘੰਟੇ ਦਾ ਵਾਧਾ ਕਰ ਦਿੱਤਾ ਹੈ। ਇਸ ਦੇ ਨਾਲ ਹੀ ਹਫ਼ਤੇ ਦੇ ਅਖੀਰਲੇ ਦਿਨਾਂ ਵਿੱਚ ਤਾਲਾਬੰਦੀ ਕੀਤੀ ਜਾਵੇਗੀ।
ਪ੍ਰਾਪਤ ਜਾਣਕਾਰੀ ਮੁਤਾਬਕ ਸਰਕਾਰ ਨੇ ਨਾਈਟ ਕਰਫਿਊ ਦਾ ਸਮਾਂ ਸ਼ਾਮ ਛੇ ਵਜੇ ਤੋਂ ਸਵੇਰੇ ਪੰਜ ਵਜੇ ਤੱਕ ਕਰ ਦਿੱਤਾ ਹੈ। ਇਸ ਦੇ ਨਾਲ ਹੀ ਦੁਕਾਨਾਂ ਬੰਦ ਕਰਨ ਦਾ ਸਮਾਂ ਸ਼ਾਮ ਪੰਜ ਵਜੇ ਕਰ ਦਿੱਤਾ ਗਿਆ ਹੈ ਤਾਂ ਜੋ ਕੰਮਕਾਜਾਂ 'ਤੇ ਜਾਣ ਵਾਲੇ ਲੋਕ ਛੇ ਵਜੇ ਤੱਕ ਘਰੋ-ਘਰੀ ਪਹੁੰਚ ਸਕਣ। ਹਫ਼ਤੇ ਦੇ ਅਖੀਰਲੇ ਦਿਨ ਯਾਨੀ ਕਿ ਸ਼ਨੀਵਾਰ ਅਤੇ ਐਤਵਾਰ ਨੂੰ ਤਾਲਾਬੰਦੀ ਰੱਖਣ ਦਾ ਹੁਕਮ ਹੈ। ਪੰਜਾਬ ਵਿੱਚ ਕੋਰੋਨਾਵਾਇਰਸ ਦਾ ਤੇਜ਼ੀ ਨਾਲ ਵਧਦਾ ਫੈਲਾਅ ਰੋਕਣ ਲਈ ਮੰਤਰੀ ਮੰਡਲ ਦੀ ਤਾਜ਼ਾ ਬੈਠਕ ਵਿੱਚ ਇਹ ਫੈਸਲੇ ਲਏ ਗਏ ਹਨ।
ਉੱਧਰ, ਸੂਬੇ ਦੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਕੋਰੋਨਾ ਵਾਇਰਸ ਰੋਕੂ ਟੀਕੇ ਦੀ ਕਮੀ ਹੋਣ ਦੀ ਗੱਲ ਦੁਹਰਾਈ ਹੈ। ਮੰਤਰੀ ਨੇ ਦੱਸਿਆ ਕਿ ਸੂਬੇ ਕੋਲ ਸਿਰਫ 1.9 ਲੱਖ ਕੋਵਿਡ ਟੀਕੇ ਬਚੇ ਹਨ ਜਿਸ ਵਿੱਚੋਂ ਇੱਕ ਲੱਖ ਡੋਜ਼ ਦੇ ਅੱਜ ਲੱਗ ਜਾਣ ਦੀ ਆਸ ਹੈ। ਅਜਿਹੇ ਵਿੱਚ ਪੰਜਾਬ ਦਰਪੇਸ਼ ਗੰਭੀਰ ਵੈਕਸੀਨ ਸੰਕਟ ਖੜ੍ਹਾ ਹੋ ਗਿਆ ਹੈ।
ਦੱਸਣਾ ਬਣਦਾ ਹੈ ਕਿ ਪੰਜਾਬ ਦੇ ਨਾਲ-ਨਾਲ ਪੂਰੇ ਦੇਸ਼ ਵਿੱਚ ਕੋਰੋਨਾ ਵਾਇਰਸ ਕਰਕੇ ਹਾਹਾਕਾਰ ਮੱਚੀ ਹੋਈ ਹੈ। ਕੇਂਦਰ ਤੇ ਸੂਬਾ ਸਰਕਾਰਾਂ ਤਰ੍ਹਾਂ ਤਰ੍ਹਾਂ ਨਾਲ ਇਸ ਵਾਇਰਸ ਨੂੰ ਕਾਬੂ ਕਰਨ ਦੀ ਕੋਸ਼ਿਸ਼ ਵਿੱਚ ਹਨ ਪਰ ਹਾਲਾਤ ਹੱਥੋਂ ਨਿੱਕਲਦੇ ਜਾ ਰਹੇ ਹਨ। ਕੋਵਿਡ-19 ਦੀ ਲਾਗ ਅੱਗੇ ਫੈਲਣ ਤੋਂ ਰੋਕਣ ਲਈ ਸਰਕਾਰਾਂ ਤਰ੍ਹਾਂ-ਤਰ੍ਹਾਂ ਦੀਆਂ ਸਖ਼ਤੀਆਂ ਲਾਗੂ ਕਰ ਰਹੀਆਂ ਹਨ। ਵਾਇਰਸ ਦੀ ਲਾਗ ਤੋਂ ਬਚਣ ਲਈ 'ਏਬੀਪੀ ਸਾਂਝਾ' ਤੁਹਾਨੂੰ ਮਾਸਕ, ਸੈਨੀਟਾਈਜ਼ਰ ਅਤੇ ਹੱਥ ਧੋਣ ਆਦਿ ਆਦਤਾਂ ਦੀ ਸੁਚੱਜੀ ਵਰਤੋਂ ਕਰਨ ਦੀ ਸਲਾਹ ਦਿੰਦਾ ਹੈ।