ਗੁਰਦਾਸਪੁਰ: ਪੰਜਾਬ ਸਰਕਾਰ  ਵੱਲੋਂ ਕਣਕ ਦੀ ਖਰੀਦ ਨੂੰ ਲੈ ਕੇ ਦਾਅਵੇ ਕੀਤੇ ਜਾ ਰਹੇ ਹਨ ਕਿ ਪੰਜਾਬ ਦੀ ਸਾਰੀਆਂ ਅਨਾਜ ਮੰਡੀਆਂ ਵਿੱਚ ਸਾਰੇ ਪ੍ਰਬੰਧ ਮੁਕੰਮਲ ਕਰ ਲੈ ਗਏ ਹੈ। ਇਹ ਦਾਅਵੇ ਹੁਣ ਹਵਾ ਹੁੰਦੇ ਦਿਖਾਈ ਦੇ ਰਹੇ ਹਨ। ਤਾਜ਼ਾ ਮਾਮਲਾ ਜ਼ਿਲ੍ਹਾ ਗੁਰਦਾਸਪੁਰ ਦੀ ਜੋੜੇ ਛਤਰਾ ਅਨਾਜ ਮੰਡੀ ਤੋਂ ਸਾਹਮਣੇ ਆਇਆ ਹੈ। ਜਿੱਥੇ ਪੰਜਾਬ ਸਰਕਾਰ ਦੇ ਦਾਅਵਿਆਂ ਦੀ ਪੋਲ ਉਦੋਂ ਖੁੱਲ੍ਹ ਗਈ ਜਦੋਂ ਅੜ੍ਹਤੀਆਂ ਤੇ ਕਿਸਾਨਾਂ ਵੱਲੋਂ ਅਨਾਜ ਮੰਡੀ ਦੇ ਸਾਹਮਣੇ ਗੁਰਦਾਸਪੁਰ-ਡੇਰਾ ਬਾਬਾ ਨਾਨਕ ਰੋਡ ਜਾਮ ਕਰ ਦਿੱਤਾ ਗਿਆ। ਦੱਸ ਦਈਏ ਕਿ ਆੜ੍ਹਤੀਆਂ ਤੇ ਕਿਸਾਨਾਂ ਨੇ ਇਸ ਦੌਰਾਨ ਖਰੀਦ ਏਜੰਸੀਆਂ ਤੇ ਪੰਜਾਬ ਸਰਕਾਰ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਗਿਆ।  



ਇਸ ਪ੍ਰਦਰਸ਼ਨ ਨੂੰ ਲੈ ਕੇ ਆੜ੍ਹਤੀਆਂ ਤੇ ਕਿਸਾਨਾਂ ਨੇ ਕਿਹਾ ਕਿ ਅਸੀਂ ਇਹ ਪ੍ਰਦਰਸ਼ਨ ਕਰਨ ਲਈ ਮਜਬੂਰ ਹੋ ਚੁੱਕੇ ਹਾਂ ਕਿਉਂਕਿ ਪਿਛਲੇ ਕੁਝ ਦਿਨਾਂ ਤੋਂ ਮੰਡੀ ਵਿੱਚ ਨਾ ਤਾਂ ਬਾਰਦਾਨਾ ਮਿਲ ਰਿਹਾ ਹੈ ਤੇ ਨਾ ਹੀ ਲਿਫਟਿੰਗ ਹੋ ਪਾਈ ਹੈ। ਇਸ ਦੇ ਨਾਲ ਖਰੀਦ ਬਿਲਕੁਲ ਰੁਕ ਚੁੱਕੀ ਹੈ। ਮੰਡੀਆਂ ਵਿੱਚ ਅਨਾਜ ਖੁੱਲ੍ਹੇ ਅਸਮਾਨ ਹੇਠਾਂ ਪਿਆ ਹੈ, ਮੰਡੀਆਂ ‘ਚ ਕਣਕ ਦੇ ਭੰਡਾਰ ਲੱਗ ਚੁੱਕੇ ਹਨ।

ਉਨ੍ਹਾਂ ਅੱਗੇ ਕਿਹਾ ਕਿ ਇੱਕ ਤਾਂ ਪਿਛਲੇ ਕੁਝ ਦਿਨਾਂ ਤੋਂ ਮੌਸਮ ਨੇ ਕਿਸਾਨਾਂ ਨੂੰ ਮਾਰਨ ਵਾਲੇ ਹਾਲਾਤ ਬਣਾ ਰੱਖੇ ਹਨ ਤੇ ਦੂਜੇ ਪਾਸੇ ਕੇਂਦਰ ਅਤੇ ਪੰਜਾਬ ਸਰਕਾਰ ਆਪਣੀ ਜ਼ਿੰਮੇਦਾਰੀ ਤੋਂ ਵੀ ਭੱਜ ਰਹੀ ਹੈ। ਬਾਰਦਾਨੇ ਨੂੰ ਲੈ ਕੇ ਜਦੋਂ ਸਬੰਧਤ ਅਧਿਕਾਰੀਆਂ ਨਾਲ ਗੱਲ ਕੀਤੀ ਤਾਂ ਉਨ੍ਹਾਂ ਦਾ ਕਹਿਣਾ ਸੀ ਕਿ ਬਾਰਦਾਨਾ ਆਪਣੇ ਆਪ ਖਰੀਦ ਲਵੋ।

ਉਧਰ ਐਫਸੀਆਈ ਅਧਿਕਾਰੀਆਂ ਦਾ ਕਹਿਣਾ ਸੀ ਕਿ ਸਾਡੇ ਕੋਲ ਤਾਂ ਬਾਰਦਾਨਾ ਹੈ ਹੀ ਨਹੀਂ। ਅਜਿਹੀ ਮੁਸ਼ਕਲ ਨਾਲ ਸਿਰਫ ਕਿਸਾਨਾਂ ਨੂੰ ਹੀ ਨਹੀਂ ਸਗੋਂ ਆੜ੍ਹਤੀਆਂ ਨੂੰ ਵੀ ਕਾਫ਼ੀ ਪ੍ਰੇਸ਼ਾਨੀ ਹੋ ਹੀ ਰਹੀ ਹੈ। ਉਨ੍ਹਾਂ ਦਾ ਕਹਿਣਾ ਸੀ ਕਿ ਸਰਕਾਰ ਕਹਿੰਦੀ ਬਹੁਤ ਕੁਝ ਹੈ ਕਿ ਅਨਾਜ ਮੰਡੀਆਂ ਵਿੱਚ ਸਾਰੇ ਪ੍ਰਬੰਧ ਮੁਕੰਮਲ ਹਨ ਪਰ ਜਮੀਨੀ ਪੱਧਰ ‘ਤੇ ਸਰਕਾਰ ਦੇ ਮੰਡੀ ਪ੍ਰਬੰਧ ਸਾਰੇ ਫੇਲ੍ਹ ਹੋ ਚੁੱਕੇ ਹਨ।


ਇਹ ਵੀ ਪੜ੍ਹੋ: ਫਿਰ Diljit Dosanjh ਨਾਲ ਹੋਵੇਗਾ Amrit Maan ਦਾ ਕੋਲੈਬੋਰੇਸ਼ਨ, ਜਾਣੋ ਪੂਰੀ ਖ਼ਬਰ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904