ਚੰਡੀਗੜ੍ਹ: ਕਰਤਾਰਪੁਰ ਸਾਹਿਬ ਲਾਂਘੇ ਦੀ ਜ਼ਮੀਨ ਅਦਲਾ-ਬਦਲੀ ਕਰਨ 'ਤੇ ਪਾਕਿਸਤਾਨ ਵੱਲੋਂ ਇਨਕਾਰ ਕੀਤੇ ਜਾਣ ਤੋਂ ਬਾਅਦ ਵੀ ਪੰਜਾਬ ਦੇ ਕੈਬਨਿਟ ਮੰਤਰੀ ਤ੍ਰਿਪਤ ਰਾਜਿੰਦਰ ਬਾਜਵਾ ਨੇ ਆਸ ਜਤਾਈ ਹੈ। ਬਾਜਵਾ ਨੇ ਕਿਹਾ ਕਿ 70 ਸਾਲਾਂ ਦੀ ਅਰਦਾਸ ਤੋਂ ਬਾਅਦ ਆਖ਼ਰ ਕਰਤਾਰਪੁਰ ਲਾਂਘੇ ਨੂੰ ਹਰੀ ਝੰਡੀ ਮਿਲੀ ਹੈ ਪਰ ਇਸ ਦੇ ਪੱਕੇ ਹੱਲ ਲਈ ਕੋਸ਼ਿਸ਼ ਜਾਰੀ ਰਹੇਗੀ।


ਉਨ੍ਹਾਂ ਕਿਹਾ ਕਿ ਲਾਂਘਾ ਖ਼ਤਮ ਕਰਨ ਤੇ ਕਰਤਾਰਪੁਰ ਸਾਹਿਬ ਗੁਰਦੁਆਰੇ ਨੂੰ ਪੰਜਾਬ ਵਿੱਚ ਸ਼ਾਮਲ ਕਰਨ ਲਈ ਉਨ੍ਹਾਂ ਦੀਆਂ ਕੋਸ਼ਿਸ਼ਾਂ ਜਾਰੀ ਰਹਿਣਗੀਆਂ। ਬਾਜਵਾ ਨੇ ਕਿਹਾ ਕਿ ਇਸ ਤਰ੍ਹਾਂ ਦੇ ਫੈਸਲੇ ਇੱਕ ਦਿਨ ਵਿੱਚ ਨਹੀਂ ਹੁੰਦੇ, ਸਮਾਂ ਲੱਗਦਾ ਹੈ। ਉਨ੍ਹਾਂ ਆਸ ਜ਼ਾਹਰ ਕੀਤੀ ਕਿ ਦੋਵੇਂ ਸਰਕਾਰਾਂ ਦੇ ਰੁਖ਼ ਬਦਲ ਸਕਦੇ ਹਨ ਤੇ ਇਹ ਜ਼ਰੂਰ ਬਦਲਣਗੇ।

ਇਹ ਵੀ ਪੜ੍ਹੋ: ਕਰਤਾਰਪੁਰ ਸਾਹਿਬ ਵਾਲੀ ਜ਼ਮੀਨ ਪੰਜਾਬ ਨਾਲ ਵਟਾਉਣ ਨੂੰ ਪਾਕਿਸਤਾਨ ਨਹੀਂ ਤਿਆਰ

ਜ਼ਿਕਰਯੋਗ ਹੈ ਕਿ ਪਾਕਿਸਤਾਨ ਨੇ ਕਰਤਾਰਪੁਰ ਸਾਹਿਬ ਬਦਲੇ ਭਾਰਤ ਨਾਲ ਜ਼ਮੀਨ ਵਟਾਉਣ ਦੀ ਪੇਸ਼ਕਸ਼ ਨੂੰ ਠੁਕਰਾ ਦਿੱਤਾ ਹੈ। ਪਾਕਿਸਤਾਨ ਦੇ ਵਿਦੇਸ਼ ਮੰਤਰਾਲੇ ਦੇ ਅਧਿਕਾਰਤ ਬੁਲਾਰੇ ਡਾ. ਮੁਹੰਮਦ ਫੈਸਲ ਨੇ ਵੀਰਵਾਰ ਨੂੰ ਇਸਲਾਮਾਬਾਦ ਵਿੱਚ ਕਿਹਾ ਕਿ ਜ਼ਮੀਨ ਦੀ ਅਦਲਾ-ਬਦਲੀ ਕਰਨ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ ਹੈ। ਬੁਲਾਰੇ ਨੇ ਕਿਹਾ ਕਿ ਪਾਕਿਸਤਾਨ ਨੇ ਮਨੁੱਖਤਾ ਦੇ ਆਧਾਰ 'ਤੇ ਹੀ ਸਿੱਖ ਸ਼ਰਧਾਲੂਆਂ ਲਈ ਕਰਤਾਰਪੁਰ ਸਾਹਿਬ ਲਾਂਘਾ ਖੋਲ੍ਹਣ ਦਾ ਫੈਸਲਾ ਲਿਆ ਹੈ। ਇਸ ਲਈ ਜ਼ਮੀਨ ਦੇ ਕਿਸੇ ਵੀ ਹਿੱਸੇ ਦੀ ਅਦਲਾ-ਬਦਲੀ ਨਹੀਂ ਹੋਵੇਗੀ।