50 ਕਰੋੜ ਜ਼ੁਰਮਾਨਾ ਲੱਗਣ ਬਾਅਦ ਕੈਪਟਨ ਸਰਕਾਰ ਦੀਆਂ ਖੁੱਲ੍ਹੀਆਂ ਅੱਖਾਂ
ਏਬੀਪੀ ਸਾਂਝਾ | 17 Nov 2018 03:38 PM (IST)
ਚੰਡੀਗੜ੍ਹ: ਪਿਛਲੇ ਦਿਨੀਂ ਪੰਜਾਬ ਦੇ ਦਰਿਆਵਾਂ ਵਿੱਚ ਪ੍ਰਦੂਸ਼ਣ ਫੈਲਣ ਕਰਕੇ ਨੈਸ਼ਨਲ ਗਰੀਨ ਟ੍ਰਿਬਿਊਨਲ (ਐਨਜੀਟੀ) ਨੇ ਸਰਕਾਰ ਨੂੰ 50 ਕਰੋੜ ਦਾ ਜ਼ੁਰਮਾਨਾ ਠੋਕਿਆ ਸੀ। ਇਸ ਤੋਂ ਬਾਅਦ ਲੁਧਿਆਣਾ ਦੇ ਬੁੱਢਾ ਨਾਲੇ ਨੂੰ ਪ੍ਰਦੂਸ਼ਣ ਦਾ ਮੁੱਖ ਧੁਰਾ ਮੰਨਿਆ ਜਾ ਰਿਹਾ ਹੈ ਕਿਉਂਕਿ ਸ਼ਹਿਰ ਦੀਆਂ ਕਈ ਫੈਕਟਰੀਆਂ ਦਾ ਰਸਾਇਣਾਂ ਵਾਲਾ ਗੰਦਾ ਪਾਣੀ ਸਿੱਧਾ ਸਤਲੁਜ ਦਰਿਆ ਵਿੱਚ ਹੀ ਛੱਡਿਆ ਜਾਂਦਾ ਹੈ। ਪਰ ਹੁਣ ਜ਼ੁਰਮਾਨੇ ਦਾ ਸੇਕ ਲੱਗਣ ਤੋਂ ਬਾਅਦ ਲੁਧਿਆਣਾ ’ਚ ਸਫ਼ਾਈ ਕਾਰਜ ਛੇਤੀ ਹੀ ਸ਼ੁਰੂ ਹੋਣ ਜਾ ਰਿਹਾ ਹੈ। ਲੁਧਿਆਣਾ ਦਾ ਬੁੱਢਾ ਦਰਿਆ ਇਸ ਸਮੇਂ ਕਿਸੇ ਗੰਦੇ ਨਾਲੇ ਤੋਂ ਘੱਟ ਨਹੀਂ ਅਤੇ ਇਸੇ ਲਈ ਅੱਜ ਕੱਲ੍ਹ ਇਸ ਨੂੰ ਬੁੱਢ ਨਾਲਾ ਕਿਹਾ ਜਾਣ ਲੱਗਾ ਹੈ। ਇਸ ਦਾ ਪਾਣੀ ਕਾਲੇ ਰੰਗ ਵਿੱਚ ਬਦਲ ਗਿਆ ਹੈ ਜਿਸ ਵਿੱਚ ਕੈਂਸਰ ਤੇ ਕਾਲਾ ਪੀਲੀਆ ਜਿਹੀਆਂ ਭਿਆਨਕ ਬਿਮਾਰੀਆਂ ਪੈਦਾ ਹੋ ਰਹੀਆਂ ਹਨ। ਇਹੀ ਪਾਣੀ ਲੁਧਿਆਣਾ ਤੋਂ ਗੁਜ਼ਰਨ ਵਾਲੇ ਸਤਲੁਜ ਦਰਿਆ ਵਿੱਚ ਜਾ ਰਲਦਾ ਹੈ। ਇਸ ਤਰ੍ਹਾਂ ਪੰਜਾਬ ਦੇ ਦਰਿਆਵਾਂ ਦੇ ਨਾਲ ਲੱਗਦੇ ਖੇਤਾਂ ਵਿੱਚ ਵੀ ਬਿਮਾਰੀਆਂ ਫੈਲ ਰਹੀਆਂ ਹਨ। ਇੱਥੇ ਦੱਸਣਯੋਗ ਹੈ ਕਿ ਪੰਜਾਬ ਵਿੱਚ ਕੈਂਸਰ ਦੇ ਮਰੀਜ਼ਾਂ ਦੀ ਗਿਣਤੀ ਵੀ ਵਧਦੀ ਜਾ ਰਹੀ ਹੈ। ਇਹ ਵੀ ਪੜ੍ਹੋ- ਪੰਜ-ਆਬ ਨੂੰ ਪਲੀਤ ਕਰਨ 'ਤੇ ਸਰਕਾਰ ਨੂੰ 50 ਕਰੋੜ ਦਾ ਜੁਰਮਾਨਾ ਇਸ ਸਬੰਧੀ ਮੇਅਰ ਸੰਧੂ ਨੇ ਕਿਹਾ ਕਿ ਬੁੱਢਾ ਦਰਿਆ ਦੇ ਕੰਮ ਸਬੰਧੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਟੀਮ ਦਾ ਗਠਨ ਕੀਤਾ ਹੈ ਜਿਸ ਦੀ ਅਗਵਾਈ ਭੈਣੀ ਸਾਹਿਬ ਦੇ ਮੁਖੀ ਠਾਕੁਰ ਉਦੈ ਸਿੰਘ ਵੱਲੋਂ ਕੀਤੀ ਜਾਏਗੀ। ਉਨ੍ਹਾਂ ਦੱਸਿਆ ਕਿ ਫੈਕਟਰੀਆਂ ਦੇ ਕੈਮੀਕਲ ਵਾਲੇ ਪਾਣੀ ਤੇ ਡੇਅਰੀ ਦੀ ਰਹਿੰਦ-ਖੂੰਹਦ ਰੋਕਣ ਦੇ ਯਤਨ ਕੀਤਾ ਜਾ ਰਹੇ ਹਨ। ਦਰਿਆ ’ਤੇ ਜਲਦੀ ਕੰਮ ਸ਼ੁਰੂ ਕੀਤਾ ਜਾਏਗਾ।