Punjab News: ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਕੇਂਦਰ ਸਰਕਾਰ ਵੱਲੋਂ 650 ਕਰੋੜ ਦਾ ਫੰਡ ਰੋਕੇ ਜਾਣ ਉੱਤੇ ਪੰਜਾਬ ਸਰਕਾਰ ਉੱਤੇ ਨਿਸ਼ਾਨਾ ਸਾਧਿਆ ਹੈ। ਬਾਜਵਾ ਨੇ ਸਵਾਲ ਪੁੱਛਿਆ ਕਿ ਹੁਣ ਇਹ ਪੈਸਾ ਆਮ ਆਦਮੀ ਪਾਰਟੀ ਆਪਣੇ ਪਾਰਟੀ ਫੰਡ ਚੋਂ ਦੇਵੇਗੀ ?
ਪ੍ਰਤਾਪ ਸਿੰਘ ਬਾਜਵਾ ਨੇ ਟਵੀਟ ਕਰਦਿਆਂ ਕਿਹਾ, ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਹੁਣ ਸੂਬੇ ਵਿੱਚ PHC(Primary Health Centres )ਨੂੰ ਫਿਰ ਤੋਂ ਖੋਲ੍ਹਣ ਦੀ ਯੋਜਨਾ ਬਣਾ ਰਹੀ ਹੈ ਕਿਉਂਕਿ ਕੇਂਦਰ ਦੇ ਸਿਹਤ ਵਿਭਾਗ ਨੇ ਰਾਸ਼ਟਰੀ ਸਿਹਤ ਮਿਸ਼ਨ ਤਹਿਤ 650 ਕਰੋੜ ਰੁਪਏ ਦਾ ਫੰਡ ਰੋਕ ਦਿੱਤਾ ਹੈ।
ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਸਰਕਾਰ ਨੂੰ ਇਹ ਦੱਸਣਾ ਚਾਹੀਦਾ ਹੈ ਕਿ PHC ਨੂੰ ਆਮ ਆਦਮੀ ਕਲੀਨਿਕ ਵਿੱਚ ਬਦਲਣ ਲਈ ਕੀਤੇ ਗਏ ਖ਼ਰਚੇ ਦਾ ਕੌਣ ਜ਼ਿੰਮੇਵਾਰ ਹੋਵੇਗਾ ? ਕੀ ਆਮ ਆਦਮੀ ਪਾਰਟੀ ਇਸ ਨੂੰ ਆਪਣੇ ਪਾਰਟੀ ਫੰਡ ਚੋਂ ਜਮ੍ਹਾ ਕਰੇਗੀ।
ਜ਼ਿਕਰ ਕਰ ਦਈਏ ਕਿ ਪੰਜਾਬ ਵਿੱਚ PHC ਨੂੰ ਆਮ ਆਦਮੀ ਕਲੀਨਿਕ ਵਿੱਚ ਬਦਲਣ ਉੱਤੇ ਪਹਿਲਾਂ ਹੀ ਵਿਵਾਦ ਖੜ੍ਹਾ ਹੋਇਆ ਸੀ ਜਿਸ ਵਿੱਚ ਵਿਰੋਧੀ ਧਿਰ ਨੇ ਪੰਜਾਬ ਸਰਕਾਰ ਉੱਤੇ ਸਵਾਲ ਖੜ੍ਹੇ ਕੀਤੇ ਸੀ। ਪੰਜਾਬ ਵਿੱਚ 500 ਦੇ ਕਰੀਬ ਅਜਿਹੇ ਮੁਢਲੇ ਹੈਲਥ ਸੈਂਟਰ ਹਨ ਜਿਨ੍ਹਾਂ ਨੂੰ ਆਮ ਆਦਮੀ ਕਲੀਨਿਕ ਵਿੱਚ ਬਦਲਿਆਂ ਗਿਆ ਜਾਂ ਆਉਣ ਵਾਲੇ ਸਮੇਂ ਵਿੱਚ ਬਦਲਿਆ ਜਾ ਰਿਹਾ ਹੈ।
ਦੱਸ ਦਈਏ ਕਿ ਪੰਜਾਬ ਦੇ ਮੁੱਖ ਮੰਤਰੀ ਲਗਾਤਰ ਮੀਟਿੰਗਾਂ ਕਰ ਰਹੇ ਹਨ ਇਸ ਤਹਿਤ ਉਨ੍ਹਾਂ ਵੱਲੋਂ ਅੱਜ ਸਿਹਤ ਵਿਭਾਗ ਨਾਲ ਮੀਟਿੰਗ ਕੀਤੀ ਜਾਵੇਗੀ। ਬੁੱਧਵਾਰ ਨੂੰ ਵੱਖ-ਵੱਖ ਵਿਭਾਗਾਂ ਦੇ ਸਕੱਤਰਾਂ ਨਾਲ ਮੀਟਿੰਗ ਕਰਕੇ ਵਿਕਾਸ ਕਾਰਜਾਂ ਦਾ ਜਾਇਜਾ ਲਿਆ ਸੀ। ਮਾਨ ਨੇ ਕਿਹਾ ਸੀ ਕਿ ਮੈਂ ਸਾਰੇ ਮਹਿਕਮਿਆਂ ਨੂੰ ਸਮੇਂ ਸਿਰ ਸਾਰੇ ਕੰਮ ਮੁਕੰਮਲ ਕਰਨ ਨੂੰ ਕਿਹਾ ਹੈ ਤੇ ਨਾਲ ਹੀ ਲੋਕਾਂ ਦੇ ਹਿੱਤਾਂ ਲਈ ਨਵੀਆਂ ਸਕੀਮਾਂ ਦੀ ਰੂਪਰੇਖਾ ਵੀ ਤਿਆਰ ਕਰਨ ਨੂੰ ਕਿਹਾ। ਲੋਕਾਂ ਲਈ ਫੰਡ ਦੀ ਕੋਈ ਕਮੀ ਨਹੀਂ ਹੈ। ਪੰਜਾਬ ਵਿਕਾਸ ਦੀਆਂ ਲੀਹਾਂ 'ਤੇ ਚੱਲ ਰਿਹਾ ਹੈ।