Mukatsar News: ਮਲੋਟ ਉਪ ਮੰਡਲ ਅੰਦਰ ਲੰਬੀ ਹਲਕੇ ਨਾਲ ਸਬੰਧਤ ਦਰਜਨਾਂ ਪਿੰਡਾਂ ਵਿੱਚ ਸਿੰਚਾਈ ਲਈ ਲਿਫਟ ਪੰਪ ਚਲਾਉਣ ਲਈ ਕੁਨੈਕਸ਼ਨ ਕੱਟ ਦੇਣ ਤੋਂ ਬਾਅਦ ਕਿਸਾਨਾਂ ਵਿੱਚ ਭਾਰੀ ਰੋਸ ਹੈ। ਕਿਸਾਨਾਂ ਨੇ ਕਿਹਾ ਹੈ ਕਿ ਬਿਜਲੀ ਮੁਫ਼ਤ ਦੇਣੀ ਤਾਂ ਦੂਰ ਆਰਥਿਕ ਤੰਗੀ ਝੱਲ ਰਹੇ ਕਿਸਾਨਾਂ ਦੇ ਕੁਨੈਕਸ਼ਨ ਹੀ ਕੱਟ ਦਿੱਤੇ ਹਨ। ਕਿਸਾਨਾਂ ਨੇ ਚਿਤਾਵਨੀ ਦਿੱਤੀ ਹੈ ਕਿ ਜੇਕਰ ਦੋ ਦਿਨਾਂ ਵਿੱਚ ਮੰਗ ਨਾ ਮੰਨੀ ਗਈ ਤਾਂ ਸੰਘਰਸ਼ ਕਰਨ ਲਈ ਮਜਬੂਰ ਹੋਣਗੇ। 


ਇਸ ਸਬੰਧੀ ਪੰਜਾਬ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਇੰਦਰਜੀਤ ਸਿੰਘ ਅਸਪਾਲ, ਭਾਰਤੀ ਕਿਸਾਨ ਯੂਨੀਅਨ ਡਕੌਦਾ ਦੇ ਪ੍ਰਧਾਨ ਗੁਰਦੀਪ ਸਿੰਘ ਖੁੱਡੀਆ ਸਮੇਤ ਆਗੂਆਂ ਦੀ ਅਗਵਾਈ ਹੇਠ ਕਿਸਾਨਾਂ ਨੇ ਪਿੰਡ ਬਾਦਲ ਵਿੱਚ ਪਾਵਰਕਾਮ ਦੀ ਡਵੀਜਨ ਵਿੱਚ ਪੁੱਜ ਕਿ ਐਕਸੀਅਨ ਦੇ ਨਾਮ ਮੰਗ ਪੱਤਰ ਦਿੱਤਾ। ਕਿਸਾਨਾਂ ਨੇ ਕਿਹਾ ਕਿ ਸਰਹੰਦ ਫੀਡਰ ਤੋਂ ਬਾਦਲ ਡਵੀਜਨ ਅਧੀਨ ਆਉਂਦੇ ਖੇਤਰ ਵਿੱਚ 42 ਕੁਨੈਕਸ਼ਨ ਹਨ। ਇਨ੍ਹਾਂ ਵਿੱਚੋਂ 1 ਕਰੋੜ 15 ਲੱਖ ਬਕਾਇਆ ਹੋਣ ਕਰਕੇ 16 ਕੁਨੈਕਸ਼ਨ ਸਬੰਧੀ ਪਿਛਲੇ ਮਹੀਨੇ ਰਿਪੋਰਟ ਅਪਡੇਟ ਕੀਤੀ ਗਈ ਸੀ। 


ਉਨ੍ਹਾਂ ਕਿਹਾ ਕਿ ਇਹ ਕੁਨਕੈਸ਼ਨ ਕੱਟਣ ਨਾਲ ਸਬੰਧਤ ਪਿੰਡਾਂ ਦਾ ਹਜ਼ਾਰਾਂ ਏਕੜ ਰਕਬਾ ਸਿੰਚਾਈ ਤੋਂ ਪ੍ਰਭਾਵਿਤ ਹੋਇਆ ਹੈ। ਇਸ ਵਿੱਚ ਕਿਸਾਨਾਂ ਨੇ ਮੰਗ ਕੀਤੀ ਕਿ ਉਨ੍ਹਾਂ ਦੇ ਕੱਟੇ ਕੁਨੈਕਸ਼ਨ ਬਹਾਲ ਕੀਤੇ ਜਾਣ ਤੇ ਕਿਸਾਨਾਂ ਨੂੰ ਬਿਜਲੀ ਦੇ ਬਿੱਲ ਮੁਆਫ਼ ਕੀਤੇ ਜਾਣ। ਕਿਸਾਨ ਆਗੂਆਂ  ਦਾ ਕਹਿਣਾ ਹੈ ਕਿ ਚੋਣਾਂ ਤੋਂ ਪਹਿਲਾਂ ਲੰਬੀ ਹਲਕੇ ਅੰਦਰ ਅਰਵਿੰਦਰ ਕੇਜਰੀਵਾਲ ਤੇ ਭਗਵੰਤ ਮਾਨ ਨੇ ਵਾਅਦਾ ਕੀਤਾ ਸੀ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੇ ਸਭ ਤੋਂ ਪਹਿਲਾਂ ਕਿਸਾਨਾਂ ਨੂੰ ਇਨ੍ਹਾਂ ਕੁਨਕੈਸ਼ਨਾਂ ਤੇ ਵੀ ਬਿਜਲੀ ਮੁਫ਼ਤ ਦਿੱਤੀ ਜਾਵੇਗੀ। 


ਉਨ੍ਹਾਂ ਕਿਹਾ ਕਿ ਹੁਣ ਭਗਵੰਤ ਮਾਨ ਮੁੱਖ ਮੰਤਰੀ ਬਣ ਗਏ ਹਨ ਤੇ ਹਲਕੇ ਦੇ ਵਿਧਾਇਕ ਗੁਰਮੀਤ ਸਿੰਘ ਖੁੱਡੀਆ ਖੇਤੀਬਾੜੀ ਮੰਤਰੀ ਬਣ ਗਏ ਹਨ। ਕਿਸਾਨਾਂ ਨੂੰ ਇਨ੍ਹਾਂ ਕੁਨੈਕਸ਼ਨਾਂ ਤੇ ਬਿਜਲੀ ਮੁਫ਼ਤ ਦੇਣੀ ਤਾਂ ਦੂਰ ਆਰਥਿਕ ਤੰਗੀ ਝੱਲ ਰਹੇ ਕਿਸਾਨਾਂ ਦੇ ਕੁਨੈਕਸ਼ਨ ਹੀ ਕੱਟ ਦਿੱਤੇ ਹਨ। ਇਸ ਲਈ ਉਨ੍ਹਾਂ ਦੀ ਮੰਗ ਹੈ ਕਿ ਕੁਨੈਕਸ਼ਨ ਬਹਾਲ ਕੀਤੇ ਜਾਣ ਤੇ ਬਿਜਲੀ ਮੁਫ਼ਤ ਕੀਤੀ ਜਾਵੇ। ਉਨ੍ਹਾਂ ਚਿਤਾਵਨੀ ਦਿੱਤੀ ਕਿ ਅਗਰ ਦੋ ਦਿਨਾਂ  ਵਿਚ ਮੰਗ ਨਾ ਮੰਨੀ ਤਾਂ ਸੰਘਰਸ਼ ਕਰਨ ਲਈ ਮਜਬੂਰ ਹੋਣਗੇ। 


ਇਸ ਸਬੰਧੀ ਐਕਸੀਅਨ ਦੇ ਹਾਜ਼ਰ ਨਾ ਹੋਣ ਕਰਕੇ ਸੁਪਰਡੈਂਟ ਸੰਦੀਪ ਗੋਇਲ ਨੂੰ ਮੰਗ ਪੱਤਰ ਦਿੱਤਾ। ਇਸ ਮੌਕੇ ਕੁੱਲ ਹਿੰਦ ਕਿਸਾਨ ਸਭਾ ਦੇ ਸੁਖਪਾਲ ਸਿੰਘ ਲੰਬੀ, ਜਸਵਿੰਦਰ ਸਿੰਘ, ਨਰਿੰਦਰ ਸਿੰਘ, ਬਲਕਾਰ ਸਿੰਘ ਬਣਵਾਲਾ, ਡਕੌਦਾ ਦੇ ਬਲਾਕ ਪ੍ਰਧਾਨ ਦਵਿੰਦਰ ਸਿੰਘ ਗਿੱਲ, ਜਰਨੈਲ ਸਿੰਘ ਪੰਜਾਵਾ ਕ੍ਰਾਂਤੀਂਕਾਰੀ ਕਿਸਾਨ ਯੂਨੀਅਨ ਤੇ ਗੁਰਪ੍ਰੀਤ ਸਿੰਘ ਲੰਬੀ ਸਮੇਤ ਸੈਂਕੜੇ ਕਿਸਾਨ ਹਾਜ਼ਰ ਸਨ।