ਚੰਡੀਗੜ੍ਹ: ਪੰਜਾਬ ਦੇ ਸਕੂਲ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਅੱਜ ਇੱਥੇ ਦੱਸਿਆ ਕਿ ਪ੍ਰੀ-ਪ੍ਰਾਇਮਰੀ ਜਮਾਤਾਂ ਦੇ ਵਿਦਿਆਰਥੀਆਂ ਦੇ ਸ਼ੁਰੂਆਤੀ ਦੌਰ ਤੋਂ ਹੀ ਸਰਬਪੱਖੀ ਵਿਕਾਸ ਯਕੀਨੀ ਬਣਾਉਣ ਦੇ ਮਨਸ਼ੇ ਨਾਲ ਸਰਕਾਰ ਨੇ ਬੱਚਿਆਂ ਦੀ ਸ਼ਖ਼ਸੀਅਤ ਦੇ ਵੱਖ-ਵੱਖ ਪਹਿਲੂਆਂ ਦਾ ਮੁਲਾਂਕਣ ਸ਼ੁਰੂ ਕੀਤਾ ਹੈ। ਉਨ੍ਹਾਂ ਦੱਸਿਆ ਕਿ ਐਸ.ਸੀ.ਈ.ਆਰ.ਟੀ. ਵੱਲੋਂ ਪ੍ਰੀ-ਪ੍ਰਾਇਮਰੀ (ਐੱਲ.ਕੇ.ਜੀ. ਅਤੇ ਯੂ.ਕੇ.ਜੀ) ਜਮਾਤਾਂ ਦੇ ਬੱਚਿਆਂ ਦਾ ਪਹਿਲਾ ਮੁਲਾਂਕਣ 12 ਤੋਂ 27 ਸਤੰਬਰ ਤੱਕ ਕੀਤਾ ਜਾਵੇਗਾ ਅਤੇ ਇਸ ਸਬੰਧੀ ਸਮੂਹ ਅਧਿਕਾਰੀਆਂ ਅਤੇ ਪ੍ਰਾਇਮਰੀ ਸਕੂਲਾਂ ਦੇ ਅਧਿਆਪਕਾਂ ਨੂੰ ਨਿਰਦੇਸ਼ ਜਾਰੀ ਕਰ ਦਿੱਤੇ ਗਏ ਹਨ।
ਸਿੱਖਿਆ ਮੰਤਰੀ ਨੇ ਕਿਹਾ ਕਿ ਹਰ ਬੱਚੇ ਦੇ ਮੁਲਾਂਕਣ ਸਬੰਧੀ ਉਸ ਦੇ ਮਾਪਿਆਂ ਨੂੰ ਵੀ ਜਾਣੂ ਕਰਵਾਇਆ ਜਾਣਾ ਲਾਜ਼ਮੀ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਬੀ.ਐੱਮ.ਟੀਜ਼. ਨੂੰ 10 ਅਕਤੂਬਰ, 2022 ਤੱਕ ਸਮੂਹ ਵਿਦਿਆਰਥੀਆਂ ਦਾ ਰਿਕਾਰਡ ਵੈਬ-ਪੋਰਟਲ ‘ਤੇ ਅਪਲੋਡ ਕਰਨ ਲਈ ਕਿਹਾ ਗਿਆ ਹੈ।
ਕੈਬਨਿਟ ਮੰਤਰੀ ਨੇ ਦੱਸਿਆ ਕਿ ਪ੍ਰੀ-ਪ੍ਰਾਇਮਰੀ ਜਮਾਤਾਂ ਚਲਾਉਣ ਦਾ ਉਦੇਸ਼ ਤਿੰਨ ਤੋਂ ਛੇ ਸਾਲ ਦੇ ਬੱਚਿਆਂ ਨੂੰ ਪ੍ਰਾਇਮਰੀ ਸਿੱਖਿਆ ਗ੍ਰਹਿਣ ਕਰਨ ਲਈ ਤਿਆਰ ਕਰਨਾ ਅਤੇ ਉਨ੍ਹਾਂ ਦਾ ਸਰਬਪੱਖੀ ਵਿਕਾਸ ਯਕੀਨੀ ਬਣਾਉਣਾ ਹੈ। ਇਸ ਮੁਲਾਂਕਣ ਨਾਲ ਵਿਭਾਗ ਨੂੰ ਬੱਚਿਆਂ ਦੇ ਬੌਧਿਕ ਪੱਧਰ ਦੀ ਲੋੜੀਂਦੇ ਮਿਆਰ ਤੱਕ ਪਹੁੰਚ ਬਾਰੇ ਜਾਣਕਾਰੀ ਮਿਲ ਸਕੇਗੀ।
ਉਨ੍ਹਾਂ ਦੱਸਿਆ ਕਿ ਇਨ੍ਹਾਂ ਜਮਾਤਾਂ ਲਈ ਸਕੂਲ ਸਿੱਖਿਆ ਵਿਭਾਗ ਵੱਲੋਂ ਤਿਆਰ ਕੀਤੇ ਪਾਠਕ੍ਰਮ ਅਧੀਨ ਬੱਚਿਆਂ ਨੂੰ ਖੇਡ ਵਿਧੀ ਰਾਹੀਂ ਗਤੀਵਿਧੀਆਂ ਕਰਵਾਈਆਂ ਜਾਣੀਆਂ ਹਨ। ਉਨ੍ਹਾਂ ਦੱਸਿਆ ਕਿ ਸਿੱਖਣ ਸਹਾਇਕ ਸਮੱਗਰੀ ਸਮੇਤ ਰਿਪੋਰਟ ਕਾਰਡ ਸਕੂਲਾਂ ਨੂੰ ਭੇਜੇ ਗਏ ਹਨ।ਰਿਪੋਰਟ ਕਾਰਡ ਨੂੰ ਭਰਨ ਦਾ ਉਦੇਸ਼ ਬੱਚੇ ਦੇ ਵਿਕਾਸ ਨੂੰ ਜਾਣਨਾ ਅਤੇ ਸਮਝਣਾ ਹੈ।
ਬੈਂਸ ਨੇ ਦੱਸਿਆ ਕਿ ਵਿਦਿਆਰਥੀਆਂ ਦੇ ਮੁਲਾਂਕਣ ਦੌਰਾਨ ਅਧਿਆਪਕ ਵੱਲੋਂ ਗਤੀਵਿਧੀਆਂ ਕਰਵਾਉਣ ਸਮੇਂ ਬੱਚੇ ਦਾ ਕੇਵਲ ਨਿਰੀਖਣ ਹੀ ਕੀਤਾ ਜਾਣਾ ਹੈ ਜਿਸ ਪਿੱਛੋਂ ਅਗਲੇ ਤਿੰਨ ਦਿਨਾਂ ਵਿੱਚ ਅਧਿਆਪਕ ਵੱਲੋਂ ਬੱਚਿਆਂ ਦਾ ਰਿਕਾਰਡ ਰਿਪੋਰਟ ਕਾਰਡ ਵਿੱਚ ਭਰਿਆ ਜਾਵੇਗਾ। ਰਿਪੋਰਟ ਕਾਰਡ ਵਿੱਚ ਬੱਚੇ ਦੇ ਮੁਲਾਂਕਣ ਦੇ ਪੰਜ ਮੁੱਖ ਖੇਤਰ ਸਰੀਰਕ ਵਿਕਾਸ, ਬੌਧਿਕ ਵਿਕਾਸ, ਸਮਾਜਿਕ ਅਤੇ ਭਾਵਨਾਤਮਿਕ ਵਿਕਾਸ, ਭਾਸ਼ਾਈ ਵਿਕਾਸ (ਪੰਜਾਬੀ ਅਤੇ ਅੰਗਰੇਜ਼ੀ) ਰੱਖੇ ਗਏ ਹਨ ਅਤੇ ਹਰ ਖੇਤਰ ਵਿੱਚ ਤਿੰਨ ਪੱਧਰਾਂ 'ਤੇ ਮੁਲਾਂਕਣ ਕੀਤਾ ਜਾਵੇਗਾ।