ਚੰਡੀਗੜ੍ਹ: ਕੋਰੋਨਾਵਾਇਰਸ ਦੇ ਕਹਿਰ ਨੂੰ ਵੇਖਦਿਆਂ ਪੰਜਾਬ ਸਰਕਾਰ ਨੇ ਸੋਸ਼ਲ ਮੀਡੀਆ 'ਤੇ ਸ਼ਿਕੰਜਾ ਕੱਸਿਆ ਹੈ। ਸਰਕਾਰ ਨੇ ਇਹ ਕਾਰਵਾਈ ਕੋਰੋਨਾ ਬਾਰੇ ਅਫਵਾਹਾਂ ਫੈਲਾਉਣ ਦੇ ਇਲਜ਼ਾਮ ਲਾ ਕੇ ਕੀਤੀ ਹੈ। ਇਸ ਲਈ ਪੰਜਾਬ ਸਰਕਾਰ ਨੇ 45 ਲਿੰਕਜ਼ ਨੂੰ ਬਲੌਕ ਕਰਨ ਲਈ ਕੇਂਦਰ ਕੋਲ ਪਹੁੰਚ ਕੀਤੀ ਹੈ।


ਇਸ ਬਾਰੇ ਪੰਜਾਬ ਪੁਲਿਸ ਦੇ ਡੀਜੀਪੀ ਦਿਨਕਰ ਗੁਪਤਾ ਨੇ ਦੱਸਿਆ ਕਿ 13 ਹੋਰ ਨਵੇਂ ਖਾਤੇ/ਲਿੰਕ ਬਲੌਕ ਕਰਨ ਨਾਲ ਸੂਬੇ ਵਿੱਚ ਬਲੌਕ ਕੀਤੇ ਲਿੰਕਜ਼ ਦੀ ਗਿਣਤੀ ਹੁਣ 121 ਹੋ ਗਈ ਹੈ ਜਦਕਿ 45 ਮਾਮਲਿਆਂ ਵਿੱਚ ਕੇਂਦਰ ਸਰਕਾਰ ਦਾ ਦਖ਼ਲ ਮੰਗਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਫੇਸਬੁੱਕ ਨੇ 47 ਲਿੰਕ, ਟਵਿੱਟਰ ਨੇ 52, ਯੂਟਿਊਬ ਨੇ 21 ਤੇ ਇੰਸਟਾਗ੍ਰਾਮ ਨੇ 1 ਖਾਤਾ/ਲਿੰਕ ਆਪੋ-ਆਪਣੇ ਪਲੇਟਫਾਰਮ ਤੋਂ ਬਲੌਕ ਕੀਤੇ ਹਨ।

ਇਸ ਤੋਂ ਇਲਾਵਾ ਨਫ਼ਰਤ ਤੇ ਝੂਠੀ ਸਮੱਗਰੀ ਪੋਸਟ ਕਰਨ ਵਾਲੇ ਅਜਿਹੇ 292 ਹੋਰ ਲਿੰਕਜ਼ ਨੂੰ ਬਲੌਕ ਕਰਨ ਲਈ ਸੋਸ਼ਲ ਮੀਡੀਆ ਪਲੇਟਫਾਰਮ ਨੂੰ ਕਿਹਾ ਗਿਆ ਹੈ। ਪੁਲਿਸ ਨੇ ਵਿਆਨਾ (ਆਸਟਰੀਆ) ਰਹਿੰਦੇ ਸਤਵਿੰਦਰ ਸਿੰਘ ਨਾਂ ਦੇ ਵਿਅਕਤੀ ਨੂੰ ਲੁੱਕ ਆਊਟ ਸਰਕੂਲਰ ਜਾਰੀ ਕੀਤਾ ਹੈ।